ਕੁਲਦੀਪ ਸਿੰਘ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਭਲਕੇ 18 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਪੀ.ਯੂ. ਅਥਾਰਿਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਚੋਣਾਂ ਲਈ ਸੈਕਟਰ 14 ਸਥਿਤ ਪੀ.ਯੂ. ਦੇ ਮੁੱਖ ਕੈਂਪਸ ਅਤੇ ਸੈਕਟਰ 25 ਸਥਿਤ ਉੱਤਰੀ ਕੈਂਪਸ ਵਿੱਚ ਕੁੱਲ 169 ਬੂਥਾਂ ਉੱਤੇ 11984 ਵਿਦਿਆਰਥੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਬੈਲਟ ਪੇਪਰਾਂ ਰਾਹੀਂ ਕਰਨਗੇ।
ਵੋਟਿੰਗ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੀ.ਯੂ. ਸਕਿਉਰਿਟੀ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਚਲਦਿਆਂ ਬਾਹਰੀ ਵਿਅਕਤੀਆਂ ਦੇ ਕੈਂਪਸ ਵਿੱਚ ਦਾਖਲ ਹੋਣ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਚੋਣਾਂ ਦੇ ਮੱਦੇਨਜ਼ਰ ਅਥਾਰਿਟੀ ਵੱਲੋਂ ਲਗਾਏ ਚੋਣ ਜ਼ਾਬਤੇ ਮੁਤਾਬਕ ਚੋਣ ਰੈਲੀਆਂ ਦਾ ਸਿਲਸਿਲਾ ਬੀਤੇ ਦਿਨ ਬੰਦ ਹੋ ਗਿਆ ਸੀ ਅਤੇ ਅੱਜ ਸਵੇਰ ਤੋਂ ਹੀ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਉਮੀਦਵਾਰਾਂ ਵੱਲੋਂ ਵਿਭਾਗਾਂ ਵਿੱਚ ਘੁੰਮ ਕੇ ਵੋਟ ਲਈ ਅਪੀਲ ਕੀਤੀ ਗਈ।
ਜਾਣਕਾਰੀ ਮੁਤਾਬਕ ਪੀ.ਯੂ. ਕੈਂਪਸ ਵਿੱਚ 17 ਅਕਤੂਬਰ 2022 ਤੱਕ ਵੀ ਦਾਖਲਾ ਲੈਣ ਵਾਲੇ ਵਿਦਿਆਰਥੀ ਵੀ ਵੋਟ ਦਾ ਇਸਤੇਮਾਲ ਕਰ ਸਕਣਗੇ। ਜੇਕਰ ਅਜਿਹੇ ਵਿਦਿਆਰਥੀਆਂ ਕੋਲ ਕੋਈ ਪਛਾਣ ਪੱਤਰ ਆਦਿ ਨਹੀਂ ਵੀ ਹੋਵੇਗੇ ਤਾਂ ਉਹ ਆਪਣੇ ਕਿਸੇ ਵੀ ਪਛਾਣ ਪੱਤਰ ਸਮੇਤ ਚਾਲੂ ਸ਼ੈਸ਼ਨ ਵਾਲੀ ਫੀਸ ਸਲਿੱਪ ਦਿਖਾ ਕੇ ਵੀ ਪੋਲਿੰਗ ਕਮਰੇ ਅੰਦਰ ਦਾਖਲ ਹੋ ਸਕੇਗਾ ਅਤੇ ਸਬੰਧਿਤ ਵਿਭਾਗ ਵੱਲੋਂ ਜਾਂਚ ਪੂਰੀ ਕਰਨ ਉਪਰੰਤ ਉਸ ਨੂੰ ਵੋਟ ਦੀ ਆਗਿਆ ਦਿੱਤੀ ਜਾਵੇਗੀ। ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਜ਼ਿਮਨੇਜ਼ੀਅਮ ਹਾਲ ਵਿੱਚ ਕੀਤੀ ਜਾਵੇਗੀ ਅਤੇ ਸ਼ਾਮ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ।
ਵੋਟਰਾਂ ਨੂੰ 9.30 ਵਜੇ ਪੋਲਿੰਗ ਕਮਰਿਆਂ ਵਿੱਚ ਪਹੁੰਚਣ ਦੀ ਸਲਾਹ
ਡੀਨ ਵਿਦਿਆਰਥੀ ਭਲਾਈ ਵੱਲੋਂ ਵਿਦਿਆਰਥੀ ਵੋਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵੋਟਾਂ ਪਾਉਣ ਲਈ ਆਪੋ-ਆਪਣੇ ਵਿਭਾਗਾਂ ਵਿੱਚ ਸਥਿਤ ਪੋਲਿੰਗ ਕਮਰਿਆਂ ਵਿੱਚ ਸਵੇਰੇ 9 ਵਜੇ ਪਹੁੰਚ ਜਾਣ ਤਾਂ ਜੋ 9.30 ਵਜੇ ਸ਼ੁਰੂ ਹੋਣ ਵਾਲੀ ਵੋਟਿੰਗ ਤੋਂ ਵਾਂਝੇ ਨਾ ਰਹਿ ਜਾਣ। ਫਿਰ ਜੇਕਰ ਟ੍ਰੈਫ਼ਿਕ ਜਾਮ ਜਾਂ ਹੋਰ ਕਿਸੇ ਵਜ੍ਹਾ ਕਰਕੇ ਕੋਈ ਵਿਦਿਆਰਥੀ ਲੇਟ ਵੀ ਹੋ ਜਾਂਦਾ ਹੈ ਤਾਂ ਉਸ ਨੂੰ 10.15 ਵਜੇ ਤੱਕ ਪੋਲਿੰਗ ਕਮਰੇ ਅੰਦਰ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਏਸੀ ਜੋਸ਼ੀ ਲਾਇਬਰੇਰੀ ਰਹੇਗੀ ਬੰਦ
ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਵੋਟਾਂ ਵਾਲੇ ਦਿਨ 18 ਅਕਤੂਬਰ ਨੂੰ ਏ.ਸੀ. ਜੋਸ਼ੀ ਲਾਇਬਰੇਰੀ ਸਵੇਰੇ 6 ਵਜੇ ਤੋਂ ਰਾਤ ਦੇ 11 ਵਜੇ ਤੱਕ ਬੰਦ ਰਹੇਗੀ ਜਿਸ ਸਬੰਧੀ ਸਾਰੇ ਸਿੱਖਿਆ ਵਿਭਾਗਾਂ ਨੂੰ ਪੱਤਰ ਭੇਜਿਆ ਜਾ ਚੁੱਕਿਆ ਹੈ।
ਸਿਆਸੀ ਪਾਰਟੀਆਂ ਉੱਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼
ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੇ ਆਗੂ ਅਮਨਦੀਪ ਸਿੰਘ, ਐੱਸ.ਐੱਫ.ਐੱਸ. ਉਮੀਦਵਾਰ ਭਵਨਜੋਤ ਨੇ ਦੋਸ਼ ਲਗਾਏ ਕਿ ਇਨ੍ਹਾਂ ਵਿਦਿਆਰਥੀ ਚੋਣਾਂ ਵਿੱਚ ਵੱਡੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਨੇ ਪੂਰਾ ਜ਼ੋਰ ਲਗਾ ਕੇ ਵਿਦਿਆਰਥੀਆਂ ਦੇ ਹੱਕਾਂ ਨੂੰ ਪੈਸੇ ਦੇ ਦਬਾਅ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪ੍ਰਿੰਟਡ ਮਟੀਰੀਅਲ ਛਾਪ ਕੇ ਵੰਡੇ ਅਤੇ ਮਹਿੰਗੀਆਂ ਲਗਜ਼ਰੀ ਕਾਰਾਂ ਉੱਤੇ ਪੋਸਟਰ ਲਗਾ ਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਅਥਾਰਿਟੀ ਵੱਲੋਂ ਇਨ੍ਹਾਂ ਸਿਆਸੀ ਪਾਰਟੀਆਂ ਪ੍ਰਤੀ ਨਰਮੀ ਵਰਤੀ ਗਈ ਜਦਕਿ ਆਪਣੇ ਢੰਗ ਨਾਲ ਚੋਣ ਜ਼ਾਬਤੇ ਵਿੱਚ ਰਹਿ ਕੇ ਸਹੀ ਢੰਗ ਨਾਲ ਪ੍ਰਚਾਰ ਕਰਨ ਵਾਲੀਆਂ ਸਿਰਫ਼ ਵਿਦਿਆਰਥੀ ਹਿਤਾਂ ਵਾਲੀਆਂ ਜਥੇਬੰਦੀਆਂ ਨੂੰ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵੱਡੀਆਂ ਸਿਆਸੀ ਪਾਰਟੀਆਂ ਨਾਲ ਸਬੰਧਿਤ ਉਮੀਦਵਾਰਾਂ ਨੂੰ ਨਕਾਰ ਕੇ ਵਿਦਿਆਰਥੀ ਹਿੱਤਾਂ ਵਾਲੀਆਂ ਜਥੇਬੰਦੀਆਂ ਨੂੰ ਆਪਣਾ ਵੋਟ ਦੇਣ।