ਮੁਕੇਸ਼ ਕੁਮਾਰ
ਚੰਡੀਗੜ੍ਹ, 1 ਜੂਨ
ਨਗਰ ਨਿਗਮ ਚੰਡੀਗੜ੍ਹ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਅੱਜ ਸੈਕਟਰ-45 ਅਤੇ 46 ਦਾ ਦੌਰਾ ਕਰ ਕੇ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਨਿਗਮ ਕਮਿਸ਼ਨਰ ਨੇ ਸਬੰਧਤ ਇੰਜਨੀਅਰਾਂ ਦੀ ਟੀਮ ਦੇ ਨਾਲ ਤੜਕੇ ਸਾਢੇ ਛੇ ਵਜੇ ਇਲਾਕੇ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਇਲਾਕਾ ਕੌਂਸਲਰ, ਗੁਰਪ੍ਰੀਤ ਸਿੰਘ ਗਾਬੀ, ਸੰਯੁਕਤ ਕਮਿਸ਼ਨਰ, ਚੀਫ਼ ਇੰਜੀਨੀਅਰ, ਸਾਰੇ ਸੁਪਰਡੈਂਟ ਇੰਜਨੀਅਰ ਅਤੇ ਸਬੰਧਿਤ ਕਾਰਜਕਾਰੀ ਇੰਜਨੀਅਰ, ਐਸਡੀਈਜ਼, ਐਮਸੀਸੀ ਦੇ ਜੂਨੀਅਰ ਇੰਜਨੀਅਰ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਅਤੇ ਇਲਾਕਾ ਵਾਸੀ ਵੀ ਮੌਜੂਦ ਸਨ।
ਕਮਿਸ਼ਨਰ ਨੇ ਸੈਕਟਰ-45 ਸੀ ਅਤੇ ਡੀ ਵਿੱਚ ਰੋਡ ਕੱਟ ਨਾਲ ਲੱਗਦੀ ਵੀ-6 ਸੜਕ ਦੀ ਮੁਰੰਮਤ ਅਤੇ ਕਾਰਪੇਟਿੰਗ ਦੇ ਨਾਲ-ਨਾਲ ਸੈਕਟਰ-45 ਵਿੱਚ ਰੋਡ ਬਰਮ ’ਤੇ ਚਾਦਰਾਂ ਦੀ ਵਰਤੋਂ ਕਰ ਕੇ ਬਣਾਏ ਆਰਜ਼ੀ ਢਾਂਚੇ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਸੈਕਟਰ 45-ਡੀ ਵਿੱਚ ਪੇਵਰ ਬਲਾਕਾਂ ਦੀ ਮੁਰੰਮਤ ਅਤੇ ਸੈਕਟਰ 45 ਤੋਂ ਵੀ-3 ਰੋਡ ਸੈਕਟਰ 33/45 ਵੱਲ ਸਲਿੱਪ ਰੋਡ ਬਣਾਉਣ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ।