ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਮਤਦਾਨ ਦੌਰਾਨ ਫੇਜ਼-4 ਵਿੱਚ ਉਸ ਸਮੇਂ ਜਬਰਦਸਤ ਹੰਗਾਮਾ ਹੋ ਗਿਆ ਜਦੋਂ ਕਾਂਗਰਸੀ ਵਰਕਰਾਂ ਨੇ ਇਲੈਕਟ੍ਰਾਨਿਕ ਸਾਮਾਨ ਨਾਲ ਲੱਦੇ ਇੱਕ ਟੈਂਪੂ ਨੂੰ ਘੇਰ ਕੇ ਪੁਲੀਸ ਹਵਾਲੇ ਕਰ ਦਿੱਤਾ। ਕਾਂਗਰਸੀ ਕੌਂਸਲਰ ਰੁਪਿੰਦਰ ਕੌਰ ਰੀਨਾ ਅਤੇ ਉਸ ਦੇ ਪਤੀ ਕੁਲਬੀਰ ਸਿੰਘ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਇਹ ਸਾਮਾਨ ਵੋਟਰਾਂ ਨੂੰ ਭਰਮਾਉਣ ਲਈ ‘ਆਪ’ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਵੰਡਿਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਵਿਧਾਇਕ ਬਲਬੀਰ ਸਿੱਧੂ ਅਤੇ ਮਗਰੋਂ ਸਾਬਕਾ ਮੇਅਰ ਕੁਲਵੰਤ ਸਿੰਘ ਵੀ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਇਲੈਕਟ੍ਰਾਨਿਕ ਸਾਮਾਨ ਨਾਲ ਲੱਦੇ ਟੈਂਪੂ ਨੂੰ ਫੇਜ਼-1 ਥਾਣੇ ਵਿੱਚ ਲਿਆ ਕੇ ਬੰਦ ਕਰ ਦਿੱਤਾ ਗਿਆ।
ਪੀੜਤ ਐੱਨਆਰਆਈ ਬਲਬੀਰ ਕੌਰ ਗਰੇਵਾਲ ਨੇ ਦੱਸਿਆ ਕਿ ਉਸ ਦੀ ਬਿਰਧ ਮਾਂ ਫੇਜ਼-4 ਵਿੱਚ ਰਹਿੰਦੀ ਹੈ ਜੋ ਸ਼ੂਗਰ ਤੋਂ ਪੀੜਤ ਹੈ। ਉਨ੍ਹਾਂ ਨੂੰ ਰੋਜ਼ਾਨਾ ਇੰਸੂਲੀਨ ਦਾ ਟੀਕਾ ਲੱਗਦਾ ਹੈ ਜੋ ਫਰਿੱਜ ਵਿੱਚ ਰੱਖਣੀ ਪੈਂਦਾ ਹੈ। ਉਹ ਬੀਤੀ 16 ਫਰਵਰੀ ਨੂੰ ਹੀ ਅਮਰੀਕਾ ਤੋਂ ਵਾਪਸ ਆਏ ਹਨ ਤੇ ਉਨ੍ਹਾਂ ਦੇਖਿਆ ਕਿ ਫਰਿੱਜ ਖ਼ਰਾਬ ਹੋਣ ਕਾਰਨ ਮਾਂ ਨੇ ਵੈਕਸੀਨ ਗੁਆਂਢੀਆਂ ਦੇ ਫਰਿੱਜ ਵਿੱਚ ਰੱਖੀ ਹੋਈ ਹੈ ਜਿਸ ਕਾਰਨ ਉਨ੍ਹਾਂ ਆਨਲਾਈਨ ਆਰਡਰ ਦੇ ਕੇ ਇੱਕ ਫਰਿੱਜ ਅਤੇ ਵਾਸ਼ਿੰਗ ਮਸ਼ੀਨ ਖ਼ਰੀਦੀ ਸੀ ਅਤੇ ਅੱਜ ਡਲਿਵਰੀ ਬੁਆਏ ਛੋਟੇ ਟੈਂਪੂ ਵਿੱਚ ਇਹ ਸਾਮਾਨ ਦੇਣ ਲਈ ਜਿਵੇਂ ਹੀ ਪਹੁੰਚੇ ਤਾਂ ਉਨ੍ਹਾਂ ਪਿੱਛੇ ਕਾਂਗਰਸੀ ਕੌਂਸਲਰ ਅਤੇ ਉਸ ਦਾ ਪਤੀ ਅਤੇ ਹੋਰ ਕਾਂਗਰਸੀ ਵਰਕਰ ਆ ਗਏ ਅਤੇ ਟੈਂਪੂ ਨੂੰ ਘੇਰ ਕੇ ਕਹਿਣ ਲੱਗੇ ਕਿ ਇਹ ਸਾਰਾ ਸਾਮਾਨ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਭੇਜਿਆ ਹੈ। ਹਾਲਾਂਕਿ ਇਸ ਸਬੰਧੀ ਕਾਂਗਰਸੀ ਵਰਕਰਾਂ ਅਤੇ ਪੁਲੀਸ ਨੂੰ ਸਬੰਧਤ ਸਾਮਾਨ ਦੇ ਬਿੱਲ ਅਤੇ ਜਿੱਥੋਂ ਸਾਮਾਨ ਖ਼ਰੀਦਿਆ ਸੀ, ਉਨ੍ਹਾਂ ਨਾਲ ਫੋਨ ’ਤੇ ਗੱਲ ਵੀ ਕਰਵਾਈ ਗਈ ਪਰ ਕਾਂਗਰਸੀ ਵਰਕਰਾਂ ਅਤੇ ਪੁਲੀਸ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਟੈਂਪੂ ਥਾਣੇ ਲਿਆ ਕੇ ਖੜ੍ਹਾ ਕਰ ਦਿੱਤਾ ਅਤੇ ਉਹ ਆਪਣਾ ਸਾਮਾਨ ਲੈਣ ਲਈ ਸਾਰਾ ਦਿਨ ਖੱਜਲ-ਖੁਆਰ ਹੁੰਦੇ ਰਹੇ।
ਇਸ ਮੌਕੇ ਪੀੜਤ ਔਰਤ ਦੀ ਰਿਸ਼ਤੇਦਾਰ ਤੇ ‘ਆਪ’ ਆਗੂ ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਸਾਰਾ ਕੁੱਝ ਖੁੰਦਕ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਕਾਂਗਰਸ ਵਿੱਚ ਸਰਗਰਮ ਆਗੂ ਸਨ ਪਰ ਪਿਛਲੇ ਦਿਨੀਂ ਉਹ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ ਜਿਸ ਕਾਰਨ ਮੁਹਾਲੀ ਵਿੱਚ ਕਾਂਗਰਸ ਨੂੰ ਵੱਡੇ ਪੱਧਰ ’ਤੇ ਖੋਰਾ ਲੱਗਿਆ ਹੈ। ਉਨ੍ਹਾਂ ਚੋਣ ਕਮਿਸ਼ਨ ਅਤੇ ਰਾਜਪਾਲ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰਨ ਅਤੇ ਟੈਂਪੂ ਨੂੰ ਥਾਣੇ ਵਿੱਚ ਬੰਦ ਕਰਨ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਅਤੇ ਪੁਲੀਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ: ਐੱਸਐੱਚਓ
ਥਾਣਾ ਫੇਜ਼-1 ਦੇ ਐੱਸਐੱਚਓ ਸ਼ਿਵਦੀਪ ਸਿੰਘ ਬਰਾੜ ਨੇ ਇਲੈਕਟ੍ਰਾਨਿਕ ਸਾਮਾਨ ਵਾਲੇ ਟੈਂਪੂ ਨੂੰ ਥਾਣੇ ਲਿਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟੈਂਪੂ ਵਿੱਚ ਫਰਿੱਜ ਤੇ ਵਾਸ਼ਿੰਗ ਮਸ਼ੀਨ ਅਤੇ ਕੁੱਝ ਹੋਰ ਸਾਮਾਨ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਂਜ ਇਸ ਸਬੰਧੀ ਹਾਲੇ ਤੱਕ ਪੁਲੀਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।