ਆਤਿਸ਼ ਗੁਪਤਾ
ਚੰਡੀਗੜ੍ਹ, 30 ਅਗਸਤ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਦੇ ਨਵੇਕਲੇ ਮੌਕੇ ਪ੍ਰਦਾਨ ਕਰਨ ਲਈ ਯੂਟੀ ਪ੍ਰਸ਼ਾਸਨ ਜਲਦ ਸਟਾਰਟਅੱਪ ਨੀਤੀ ਲੈ ਕੇ ਆ ਰਿਹਾ ਹੈ, ਜਿਸ ਨਾਲ ਸ਼ਹਿਰ ਵਿੱਚ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਪ੍ਰਸ਼ਾਸਨ ਵੱਲੋਂ ਵਿੱਤੀ ਮਦਦ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਸੀਆਈਆਈ ਵੱਲੋਂ ਕਰਵਾਈ ਉੱਤਰ ਖੇਤਰੀ ਕਾਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਟੀ ਬਿਊਟੀਫੁੱਲ ’ਚ ਨਵੇਂ ਕਾਰੋਬਾਰ ਸਥਾਪਤ ਕਰਨ ਲਈ 50 ਕਰੋੜ ਦਾ ਬਜਟ ਰੱਖਣ ਦੀ ਤਜਵੀਜ਼ ਰੱਖੀ ਜਾ ਰਹੀ ਹੈ।
ਸਲਾਹਕਾਰ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਦੇ ਇੰਡਸਟਰੀ ਵਿਭਾਗ ਵੱਲੋਂ ਲਗਾਤਾਰ ਨਵੀਂ ਸਟਾਰਟਅੱਪ ਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦਾ ਖਰੜਾ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਲੋਕਾਂ ਦੇ ਸੁਝਾਅ ਲਏ ਜਾਣਗੇ ਅਤੇ ਲੋਕਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਨੀਤੀ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਟੀ ਪ੍ਰਸ਼ਾਸਨ ਅਤੇ ਇੰਡਸਟਰੀ ਵਿਭਾਗ ਵੱਲੋਂ ਸ਼ਹਿਰ ਦੀ ਆਰਥਿਕ ਸਥਿਤੀ, ਨਿੱਜੀ ਖੋਜ ਪਲੇਟਫਾਰਮਾਂ ਦੀ ਮਦਦ ਨਾਲ ਸਟਾਰਟਅੱਪ ਨੀਤੀ ਵਿੱਚ ਹਰ ਪੱਖ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਨਵੀਂ ਸਟਾਰਟਅੱਪ ਨੀਤੀ ਦੇ ਲਾਗੂ ਹੋਣ ਨਾਲ ਨੌਜਵਾਨਾਂ ਨੂੰ ਮੁੱਖ ਤੌਰ ’ਤੇ ਲਾਭ ਮਿਲੇਗਾ। ਇਸ ਨੀਤੀ ਤਹਿਤ ਯੂਟੀ ਪ੍ਰਸ਼ਾਸਨ ਵੱਲੋਂ ਰਜਿਸਟਰਟ ਸਟਾਰਟਅੱਪ ਨੂੰ 10 ਲੱਖ ਰੁਪਏ ਤੱਕ ਜਾਂ ਇਸ ਤੋਂ ਵੱਧ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਇਹ ਮਦਦ ਲੋਨ ਦੇ ਰੂਪ ਵਿੱਚ ਹੋਵੇਗੀ ਪਰ ਲੋਨ ਵਿਆਜ ਮੁਕਤ ਹੋਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਵਾਂ ਕੰਮਕਾਜ ਸਥਾਪਤ ਕਰਨ ਲਈ ਕਾਨੂੰਨੀ ਅਤੇ ਪ੍ਰਸ਼ਾਸਨਿਕ ਸਲਾਹ ਦੇ ਨਾਲ-ਨਾਲ ਵਧੀਆਂ ਬੈਠਣ ਦਾ ਪ੍ਰਬੰਧ ਵੀ ਯੂਟੀ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸੀਆਈਆਈ ਦੇ ਚੇਅਰਮੈਨ ਕ੍ਰਿਸ ਗੋਪਾਲ ਕ੍ਰਿਸ਼ਨਨ ਨੇ ਕਿਹਾ ਕਿ ਉਦਯੋਗ ਦੇ ਖੇਤਰ ਵਿੱਚ ਕਾਮਯਾਬ ਵਿਅਕਤੀਆਂ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਸ਼ਹਿਰ ਜਾਂ ਸੂਬੇ ਵਿੱਚ ਸਟਾਰਟਅੱਪ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਨੂੰ ਸਟਾਰਟਅੱਪ ਵਜੋਂ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਨਾਲ ਚੰਡੀਗੜ੍ਹ ਦੇ ਨਾਲ ਲਗਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ।