ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 26 ਅਕਤੂਬਰ
ਇੱਥੋਂ ਦੇ ਪਿੰਡ ਜਵਾਹਰਪੁਰ ਵਿਚ ਅੱਜ ਸਵੇਰੇ ਦੋ ਪਰਵਾਸੀਆਂ ਨਾਲ ਦੋ ਅਣਪਛਾਤੇ ਲੁਟੇਰਿਆਂ ਨੇ ਕੁੱਟਮਾਰ ਕਰ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਏ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਲੱਲਾ (25) ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਆਪਣੇ ਦੋਸਤ ਸੂਰਜ ਨੂੰ ਮਿਲਣ ਲਈ ਪਿੰਡ ਜਵਾਹਰਪੁਰ ਗਿਆ ਸੀ। ਸੂਰਜ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਕੁਝ ਦੇਰ ਬੈਠਣ ਮਗਰੋਂ ਉਹ ਖੇਤਾਂ ਵਿੱਚ ਪਿੰਡ ਜਵਾਹਰਪੁਰ ਤੋਂ ਭਗਵਾਨਪੁਰ ਰੋਡ ’ਤੇ ਜੰਗਲ ਪਾਣੀ ਲਈ ਗਏ ਸੀ। ਉੱਥੇ ਦੋ ਅਣਪਛਾਤਿਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਉਨ੍ਹਾਂ ਦੋਵਾਂ ਤੋਂ ਮੋਬਾਈਲ ਫੋਨ ਅਤੇ ਕੁੱਲ ਅੱਠ ਹਜ਼ਾਰ ਦੀ ਨਗਦੀ ਖੋਹ ਲਈ। ਸ਼ਿਕਾਇਤਕਰਤਾ ਲੱਲਾ ਨੇ ਦੱਸਿਆ ਕਿ ਉਸ ਕੋਲ ਪੰਜ ਹਜ਼ਾਰ ਰੁਪਏ ਨਗਦ ਸਨ ਜਦੋਂਕਿ ਸੂਰਜ ਕੋਲ ਤਿੰਨ ਹਜ਼ਾਰ ਦੀ ਨਗਦੀ ਸੀ, ਜੋ ਦੋਵੇਂ ਲੁਟੇਰੇ ਖੋਹ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਵਾਂ ਲੁਟੇਰਿਆਂ ਨੇ ਉਥੋਂ ਹੀ ਝਾੜੀਆਂ ਦੇ ਡੰਡੇ ਤੋੜ ਕੇ ਕੁੱਟਮਾਰ ਕੀਤੀ ਅਤੇ ਕਿਸੇ ਨੂੰ ਕੁਝ ਦੱਸਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਸਹਾਇਕ ਇੰਸਪੈਕਟਰ ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਮਗਰੋਂ ਕੁਝ ਕਿਹਾ ਜਾ ਸਕਦਾ ਹੈ।