ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਇੱਥੋਂ ਦੇ ਮਲੋਆ ਵਿੱਚ ਸਥਿਤ ਸਰਕਾਰੀ ਸਕੂਲ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੁਪਹਿਰ ਵੇਲੇ ਛੁੱਟੀ ਤੋਂ ਕੁਝ ਸਮੇਂ ਪਹਿਲਾਂ ਦੋ ਨੌਜਵਾਨ ਸਕੂਲ ਵਿੱਚ ਚਾਕੂ ਲੈ ਕੇ ਦਾਖ਼ਲ ਹੋ ਗਏ। ਨੌਜਵਾਨਾਂ ਨੇ ਸਕੂਲ ਵਿੱਚ ਅਧਿਆਪਕਾਂ ਨੂੰ ਧਮਕੀਆਂ ਦਿੱਤੀਆਂ। ਅਧਿਆਪਕਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਅਦ ਦੁਪਹਿਰ 1.55 ਵਜੇ ਦੋ ਨੌਜਵਾਨ ਮਲੋਆ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਚਾਬੀ ਦੇਣ ਦੇ ਬਹਾਨੇ ਦਾਖਲ ਹੋਏ। ਉਨ੍ਹਾਂ ਨੂੰ ਸਕੂਲ ਦੇ ਇਕ ਅਧਿਆਪਕ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਹਾਂ ਨੇ ਚਾਕੂ ਦਿਖਾ ਕੇ ਅਧਿਆਪਕ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਸਕੂਲ ਅਧਿਆਪਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਦੋਵੇਂ ਨੌਜਵਾਨ ਸਕੂਲ ਵਿੱਚੋਂ ਫਰਾਰ ਹੋ ਗਏ। ਉਪਰੰਤ ਸਕੂਲ ਪ੍ਰਿੰਸੀਪਲ ਨੇ ਘਟਨਾ ਬਾਰੇ ਪੁਲੀਸ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।