ਪੱਤਰ ਪ੍ਰੇਰਕ
ਲਾਲੜੂ, 24 ਜੂਨ
ਸ਼ਹਿਰ ਵਿੱਚ ਦੋ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਪਹਿਲੇ ਮਾਮਲੇ ਵਿੱਚ ਮਨਜੀਤ ਖਾਨ ਨਿਵਾਸੀ ਧਰਮਗੜ੍ਹ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕੈਂਟਰ ਯੂਨੀਅਨ ਵਿੱਚ ਗੱਡੀ ਚਲਾਉਂਦਾ ਹੈ ਅਤੇ ਦੁਪਹਿਰ 2 ਵਜੇ ਆਪਣੀ ਮੋਟਰਸਾਈਕਲ ਯੂਨੀਅਨ ਦਫਤਰ ਦੇ ਬਾਹਰ ਖੜ੍ਹਾ ਕਰਕੇ ਅੰਦਰ ਚਲਾ ਗਿਆ, ਜਦੋਂ ਕਰੀਬ ਛੇ ਵਜੇ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਗਾਈਬ ਸੀ। ਇਸੇ ਤਰ੍ਹਾਂ ਅਖਿਲੇਸ਼ ਪਾਂਡੇ ਵਾਸੀ ਪ੍ਰੇਮ ਨਗਰ ਦਾ ਮੋਟਰਸਾਈਕਲ ਵੀ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ। ਪੁਲੀਸ ਨੇ ਦੋਵੇਂ ਮਾਮਲੇ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਕਸਬਾ ਬੇਲਾ ਦੇ ਬਾਜ਼ਾਰ ਵਿੱਚੋਂ ਚਾਰ ਔਰਤਾਂ ਵੱਲੋਂ ਦਿਨ ਦਿਹਾੜੇ ਕੱਪੜਿਆਂ ਦੀ ਦੁਕਾਨ ਵਿੱਚੋਂ ਲੇਡੀਜ਼ ਸੂਟ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੱਭਰਵਾਲ ਕਲਾਥ ਹਾਊਸ ਦੁਕਾਨ ਦੇ ਮਾਲਕ ਰੋਹਿਤ ਸੱਭਰਵਾਲ ਨੇ ਦੱਸਿਆ ਕਿ ਦੁਕਾਨ ਵਿੱਚ ਦਿਨ ਸਮੇਂ ਆਈਆਂ ਚਾਰ ਔਰਤਾਂ ਕਰੀਬ 15 ਹਜ਼ਾਰ ਰੁਪਏ ਦੇ ਕੱਪੜੇ ਚੋਰੀ ਕਰਕੇ ਲੈ ਗਈਆਂ ਹਨ। ਇਸ ਸਬੰਧੀ ਉਨ੍ਹਾਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।