ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 1 ਮਈ
ਇੱਥੇ ਦੇਸ਼ ਭਗਤ ਯੂਨੀਵਰਸਿਟੀ ਦਾ ਦੋ-ਰੋਜ਼ਾ ਯੁਵਕ ਮੇਲਾ ਸ਼ੁਰੂ ਹੋਇਆ। ਇਸ ਦੌਰਾਨ ਵੱਖ-ਵੱਖ ਸੱਭਿਆਚਾਰਕ, ਕਲਾਤਮਕ ਅਤੇ ਬੌਧਿਕ ਗਤੀਵਿਧੀਆਂ ਕਰਵਾਈਆਂ ਗਈਆਂ। ਮੇਲੇ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਕੁਲਪਤੀ ਡਾ. ਜ਼ੋਰਾ ਸਿੰਘ ਨੇ ਮੁੱਖ ਮਹਿਮਾਨ ਜਦੋਂਕਿ ਪ੍ਰੋ ਕੁਲਪਤੀ ਡਾ. ਤਜਿੰਦਰ ਕੌਰ ਅਤੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਪ ਕੁਲਪਤੀ ਡਾ. ਅਭਿਜੀਤ ਜੋਸ਼ੀ, ਮੀਤ ਪ੍ਰਧਾਨ ਡਾ. ਹਰਸ਼ ਸਦਾਵਰਤੀ, ਕੁਲਪਤੀ ਦੇ ਸਲਾਹਕਾਰ ਡਾ. ਵਰਿੰਦਰ ਸਿੰਘ, ਪ੍ਰੋ. ਸੁਦੀਪ ਮੁਖਰਜੀ ਅਤੇ ਰਜਿਸਟਰਾਰ ਸੁਰਜੀਤ ਕੌਰ ਪਥੇਜਾ ਤੇ ਸੰਮ੍ਰਿਤਾ ਆਦਿ ਵੀ ਹਾਜ਼ਰ ਸਨ। ਕੁਲਪਤੀ ਡਾ. ਜ਼ੋਰਾ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ, ਰਚਨਾਤਮਕਤਾ ਵਧਾਉਣ ਤੇ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਯੁਵਾ ਕੇਂਦਰਿਤ ਸਮਾਗਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਯੁਵਕ ਮੇਲੇ ਦੀ ਸ਼ੁਰੂਆਤ ਸ਼ਬਦ ਗਾਇਨ, ਗਣੇਸ਼ ਵੰਦਨਾ ਅਤੇ ਸਰਸਵਤੀ ਵੰਦਨਾ ਸਮੇਤ ਭਗਤੀ ਸੰਗੀਤ ਦੀਆਂ ਰੂਹਾਨੀ ਪੇਸ਼ਕਾਰੀਆਂ ਨਾਲ ਹੋਈ। ਯੁਵਕ ਮੇਲੇ ਵਿੱਚ ਕਲਾਸਿਕਲ ਸੋਲੋ ਅਤੇ ਰੋਲ ਪਲੇਅ ਪੇਸ਼ਕਾਰੀ, ਬੀਹੂ ਨਾਚ, ਸਟੈਂਡਅੱਪ ਕਾਮੇਡੀ, ਵੱਖ-ਵੱਖ ਸਭਿਆਚਾਰਾਂ ਨੂੰ ਦਰਸਾਉਂਦੇ ਸਮੂਹ ਨਾਚ ਆਦਿ ਦੇ ਮੁਕਾਬਲੇ ਕਰਵਾਏ ਗਏ। ਯੁਵਕ ਮੇਲੇ ਵਿੱਚ ਖਿੱਚ ਦਾ ਕੇਂਦਰ ਪ੍ਰਸਿੱਧ ਪੰਜਾਬੀ ਗਾਇਕਾ ਜੈਨੀ ਜੌਹਲ ਦੀ ਸ਼ਾਨਦਾਰ ਪੇਸ਼ਕਾਰੀ ਸੀ, ਜਿਸ ਦੀ ਮੌਜੂਦਗੀ ਨੇ ਮੇਲੇ ਵਿੱਚ ਉਤਸ਼ਾਹ ਅਤੇ ਊਰਜਾ ਭਰ ਦਿੱਤੀ।
ਜੈਨੀ ਜੌਹਲ ਦੇ ਗੀਤਾਂ ’ਤੇ ਵਿਦਿਆਰਥੀ ਖੂਬ ਨੱਚੇ ਤੇ ਭੰਗੜੇ ਪਾਏ। ਵਿਦਿਆਰਥੀ ਇਨਾਮ ਤੇ ਜੀਸ਼ਾਂਤ ਸ਼ਰਮਾ ਨੇ ਸਟੇਜ ਸਕੱਤਰ ਦਾ ਫ਼ਰਜ਼ ਨਿਭਾਇਆ।