ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 2 ਨਵੰਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਪੰਜ ਜ਼ਿਲ੍ਹਿਆਂ ਦਾ ਦੋ ਰੋਜ਼ਾ ਇਜਲਾਸ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਹੋ ਗਿਆ ਜਿਸ ਵਿੱਚ ਜਥੇਬੰਦੀ ਵੱਲੋਂ ਪੰਜ ਸਾਲਾਂ ’ਚ ਕੀਤੇ ਸੰਘਰਸ਼ ਅਤੇ ਪ੍ਰਾਪਤੀਆਂ ਦੇ ਜ਼ਿਕਰ ਕਰਦਿਆਂ ਭਵਿੱਖ ਦੀ ਰਣਨੀਤੀ ਉਲੀਕੀ ਗਈ। ਮੁਲਾਜ਼ਮਾਂ ਨੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਦੇ ਵਿਰੋਧ ’ਚ ਪੈਦਲ ਮਾਰਚ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਜਥੇਬੰਦੀ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ’ਚ ਰੱਖੇ ਇਸ ਖੁੱਲ੍ਹੇ ਇਜਲਾਸ ਦੌਰਾਨ ਸੀਟੂ ਸਕੱਤਰ ਕਾਮਰੇਡ ਚੰਦਰ ਸ਼ੇਖਰ, ਆਲ ਇੰਡੀਆ ਸਕੱਤਰ ਏ.ਆਰ.ਸਿੱਧੂ, ਉੱਤਰ ਪ੍ਰਦੇਸ਼ ਦੀ ਪ੍ਰਧਾਨ ਕਾਮਰੇਡ ਵੀਨਾ ਗੁਪਤਾ ਅਤੇ ਹਰਿਆਣਾ ਦੀ ਪ੍ਰਧਾਨ ਕਾਮਰੇਡ ਸ਼ਕੂੰਤਲਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਜ਼ਿਲ੍ਹਾ ਲੁਧਿਆਣਾ, ਰੋਪੜ, ਮੁਹਾਲੀ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਸ਼ਾਮਲ ਹੁੰਦਿਆਂ ਹੋਏ ਪੰਜਾਬ ਦੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਸਾਰੇ ਹੀ ਆਂਗਣਵਾੜੀ ਮੁਲਾਜ਼ਮਾਂ ਨੇ ਡੀ.ਸੀ. ਕੰਪਲੈਕਸ ਤੋਂ ਜੋਤੀ ਸਰੂਪ ਚੌਂਕ ਤੱਕ ਪੈਦਲ ਮਾਰਚ ਕੀਤਾ ਅਤੇ ਉਸ ਤੋਂ ਬਾਅਦ ਸੋਹਨ ਫਾਰਮ ਪਹੁੰਚੇ ਜਿੱਥੇ ਹਰਜੀਤ ਕੌਰ ਪੰਜੋਲਾ ਨੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਦਿਆਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ। ਪ੍ਰਧਾਨ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਜਨਰਲ ਸਕੱਤਰ ਸੁਭਾਸ਼ ਰਾਣੀ ਵੱਲੋਂ ਜੱਥੇਬੰਦੀ ਦੀ ਕਾਰਗੁਜ਼ਾਰੀਆਂ ਦੀ ਰਿਪੋਰਟ ਪੇਸ਼ ਕੀਤੀ ਕੀਤੀ ਗਈ। ਵਿੱਤ ਸਕੱਤਰ ਨੇ ਖਰਚੇ ਦੀ ਜਾਣਕਾਰੀ ਦਿੱਤੀ।