ਹਰਜੀਤ ਸਿੰਘ
ਡੇਰਾਬੱਸੀ, 29 ਸਤੰਬਰ
ਇਥੋਂ ਦੀ ਵਸਨੀਕ ਨਾਬਾਲਗ ਲੜਕੀ ਨਾਲ ਚਾਰ ਜਣਿਆਂ ਵੱਲੋਂ ਪੰਜ ਮਹੀਨੇ ਪਹਿਲਾਂ ਮੋਰਨੀ ਇਲਾਕੇ ਦੇ ਹੋਟਲ ਵਿੱਚ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ। ਪੀੜਤ ਲੜਕੀ ਚਾਰ ਮਹੀਨੇ ਦੀ ਗਰਭਵਤੀ ਹੈ। ਪੁਲੀਸ ਨੇ ਲੜਕੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਦੋ ਮੁਲਜ਼ਮਾਂ ਸੋਨੂੰ ਅਤੇ ਮੋਹਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀ ਦੋ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪਰਿਵਾਰ ਨੇ ਲੜਕੀ ਨੂੰ ਗਰਭਵਤੀ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਪੰਜ ਮਹੀਨੇ ਪਹਿਲਾਂ ਸਮੂਹਿਕ ਜਬਰ-ਜਨਾਹ ਹੋਇਆ ਸੀ। ਨੌਜਵਾਨਾਂ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ ਸੀ।
ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋਣ ਕਾਰਨ ਉਹ ਸਦਮੇ ਵਿੱਚ ਸੀ। ਇਸ ਦੌਰਾਨ ਉਸ ਦੀ ਜਾਣ-ਪਛਾਣ ਸੋਨੂੰ ਨਾਲ ਹੋਈ ਜੋ ਵਿਆਹੁਤਾ ਹੈ। ਸੋਨੂੰ ਉਸ ਨੂੰ ਘੁੰਮਾਉਣ ਲਈ ਮੋਰਨੀ ਵੱਲ ਲੈ ਗਿਆ ਤੇ ਹੋਟਲ ਵਿੱਚ ਉਸ ਨਾਲ ਜਬਰ-ਜਨਾਹ ਕੀਤਾ। ਇਸ ਮਗਰੋਂ ਉਸ ਨੇ ਇਕ ਦੋਸਤ ਮੋਹਿਤ ਨੂੰ ਬੁਲਾ ਲਿਆ ਜਿਸ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਕੁਝ ਦੇਰ ਬਾਅਦ ਉਥੇ ਹੋਟਲ ਦਾ ਮਾਲਕ ਸੂਰਜ ਆ ਗਿਆ ਜਿਸ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਹ ਬੇਸੁੱਧ ਸੀ ਤੇ ਨੌਜਵਾਨ ਚੰਦਨ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ। ਪੁਲੀਸ ਨੇ ਲੜਕੀ ਦਾ ਮੈਡੀਕਲ ਕਰਵਾ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।