ਪੱਤਰ ਪ੍ਰੇਰਕ
ਖਰੜ, 6 ਅਪਰੈਲ
ਦੇਸ਼ ਦੀ ਪਹਿਲੀ ਮਹਿਲਾ ਆਈਪੀਐੱਸ ਅਧਿਕਾਰੀ, ਤੇ ਪੁਡੂਚੇਰੀ ਦੀ ਸਾਬਕਾ ਉਪ ਰਾਜਪਾਲ ਡਾ. ਕਿਰਨ ਬੇਦੀ ਨੇ ਕਿਹਾ ਕਿ ਭਰੋਸਾ, ਸਸ਼ਕਤੀਕਰਨ ਤੇ ਜਵਾਬਦੇਹੀ ਸੁਚੱਜੇ ਭਵਿੱਖ ਦੇ ਨਿਰਮਾਣ ’ਚ ਮਾਰਗਦਰਸ਼ਕ ਬਣਦੇ ਹਨ। ਉਨ੍ਹਾਂ ਕਿਹਾ, ‘‘ਭਰੋਸਾ ਇਮਾਨਦਾਰੀ ਨਾਲ ਬਣਾਇਆ ਜਾਂਦਾ ਹੈ, ਭਾਵੇਂ ਇਹ ਵਿੱਤੀ, ਪ੍ਰਸ਼ਾਸਨਿਕ ਜਾਂ ਸਾਡੇ ਇਰਾਦਿਆਂ ’ਚ ਵੀ ਹੋਵੇ। ਸਸ਼ਕਤੀਕਰਨ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਅਸੀਂ ਦੂਸਰਿਆਂ ਨੂੰ ਆਤਮ-ਨਿਰਭਰ ਬਣਨ ਲਈ ਮਜ਼ਬੂਤ ਬਣਾਉਂਦੇ ਹਾਂ ਅਤੇ ਜਵਾਬਦੇਹੀ ਸਭ ਤੋਂ ਮਹੱਤਵਪੂਰਨ ਗੁਣ ਹੈ, ਜਿਸ ਵਿੱਚ ਦੇਸ਼ ਦੇ ਕਾਨੂੰਨ ਨੂੰ ਲਾਗੂ ਕਰਨਾ ਤੇ ਸਤਿਕਾਰ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।’’ ਕਿਰਨ ਬੇਦੀ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਨੂੰ ਸਮਕਾਲੀ ਮੁੱਦਿਆਂ ਤੋਂ ਜਾਣੂ ਕਰਵਾਉਣ ਲਈ ਕਰਵਾਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ‘ਨਿਡਰ ਤੇ ਸੁਚੱਜਾ ਸ਼ਾਸਨ’ ਵਿਸ਼ੇ ’ਤੇ ਚਰਚਾ ਕੀਤੀ। ਇਸ ਮੌਕੇ ਦੇ ਪ੍ਰੋ-ਚਾਂਸਲਰ ਡਾ. ਆਰ.ਐੱਸ ਬਾਵਾ, ਹੋਰ ਪ੍ਰਬੰਧਕ ਤੇ ਪਤਵੰਤੇ ਹਾਜ਼ਰ ਸਨ।