ਆਤਿਸ਼ ਗੁਪਤਾ
ਚੰਡੀਗੜ੍ਹ, 11 ਜਨਵਰੀ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਤੋਂ ਬਾਅਦ ਟ੍ਰਾਈਸਿਟੀ ਵਿੱਚ ਵੀ ਠੰਢ ਵਧ ਗਈ ਹੈ। ਸੀਜ਼ਨ ’ਚ ਪਹਿਲੀ ਵਾਰ ਪਈ ਸੰਘਣੀ ਧੁੰਦ ਨੇ ਤੇਜ਼ ਰਫ਼ਤਾਰ ਵਾਲੇ ਸ਼ਹਿਰ ਦੀ ਰਫ਼ਤਾਰ ਘਟਾ ਦਿੱਤੀ ਹੈ। ਸੜਕਾਂ ’ਤੇ ਸਿਰਫ਼ 50 ਮੀਟਰ ਤੋਂ ਘੱਟ ਦਿੱਸਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਮੌਸਮ ਵਿਭਾਗ ਵੱਲੋਂ ਅਗਾਮੀ 3-4 ਦਿਨਾਂ ਵਿੱਚ ਭਾਰੀ ਧੁੰਦ ਅਤੇ ਠੰਢੀਆਂ ਹਵਾਵਾਂ ਕਰਕੇ ਠੰਢ ਵਧਣ ਦੀ ਚਿਤਾਵਨੀ ਦਿੱਤੀ ਗਈ ਹੈ।
ਮੌਸਮ ਵਿਭਾਗ ਤੋਂ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਘੱਟ ਸੀ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ ਜ਼ਿਆਦਾ ਦਰਜ ਕੀਤਾ ਹੈ।
ਇਸ ਦੇ ਨਾਲ ਹੀ ਲੰਘੀ ਰਾਤ ਤੋਂ ਪੈ ਰਹੀ ਸੰਘਣੀ ਧੁੰਦ ਕਰਕੇ ਵੀ ਲੋਕ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ 2.30 ਤੋਂ ਲੈ ਕੇ 7 ਵਜੇ ਤੱਕ ਸੜਕਾਂ ’ਤੇ 50 ਮੀਟਰ ਹੀ ਦਿਖਾਈ ਦੇ ਰਿਹਾ ਸੀ ਜਦੋਂ ਕਿ 10 ਵਜੇ ਤੋਂ ਬਾਅਦ ਧੁੰਦ ਘਟਣ ਕਰਕੇ ਲੋਕਾਂ ਨੇ ਥੋੜ੍ਹੀ ਰਾਹਤ ਮਹਿਸੂਸ ਕੀਤੀ। ਜਨਵਰੀ ਮਹੀਨੇ ਦੇ ਅੱਧ ਵਿੱਚ ਅਚਾਨਕ ਠੰਢ ਵਧਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਕਰਕੇ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ।
ਠੰਢ ਵਧਣ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਸੰਨਾਟਾ ਪਸਰ ਗਿਆ ਹੈ। ਜਿੱਥੇ ਲੋਕ ਬਹੁਤ ਘੱਟ ਗਿਣਤੀ ਵਿੱਚ ਦਿਖਾਈ ਦੇ ਰਹੇ ਹਨ। ਪਰ ਦੁਪਹਿਰ ਸਮੇਂ ਮੱਧਮ ਦੀ ਧੁੱਪ ਨੇ ਲੋਕਾਂ ਨੂੰ ਸੁਖ ਦਾ ਸਾਹ ਜ਼ਰੂਰ ਦਿੱਤਾ ਹੈ। ਲੋਕ ਧੁੱਪ ਸੇਕਦੇ ਦਿਖਾਈ ਦਿੱਤੇ ਹਨ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਣ ਵਾਲੇ 3-4 ਦਿਨ ਸੰਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਚੱਲਣਗੀਆਂ। ਇਸ ਤੋਂ ਇਲਾਵਾ ਸ਼ਹਿਰ ’ਚ ਘੱਟ ਤੋਂ ਘੱਟ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤਾਪਮਾਨ ਹੋਰ ਡਿੱਗ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ। ਦੂਜੇ ਪਾਸੇ ਗਰਮ ਕੱਪੜੇ ਵੇਚਣ ਵਾਲੇ ਦੁਕਾਨਦਾਰਾਂ ਦਾ ਕਾਰੋਬਾਰ ਨੂੰ ‘ਨਿੱਘ’ ਮਿਲ ਰਿਹਾ ਹੈ। ਇਨ੍ਹਾਂ ਦੁਕਾਨਾਂ ’ਤੇ ਲੋਕ ਸਰਦੀਆਂ ਦੇ ਕੱਪੜਿਆਂ ਦੀ ਖਰੀਦਦਾਰੀ ਕਰਦੇ ਦੇਖੇ ਜਾ ਸਕਦੇ ਹਨ। ਇਸ ਮੌਸਮ ਵਿੱਚ ਰਿਕਸ਼ਾ ਚਾਲਕਾਂ ਤੇ ਦਿਹਾੜੀਦਾਰਾਂ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ। ਇਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਕੋਈ ਰੈਣ ਬਸੇਰਾ ਨਾ ਹੋਣ ਕਾਰਨ ਸੜਕਾਂ ਕੰਢੇ ਬੈਠੇ ਬੇਘਰੇ ਲੋਕਾਂ ਨੂੰ ਵੀ ਕੜਾਕੇ ਦੀ ਠੰਢ ਵਿੱਚ ਜੂਝਣਾ ਪੈ ਰਿਹਾ ਹੈ।