ਸ਼ਸ਼ੀ ਪਾਲ ਜੈਨ
ਖਰੜ, 9 ਅਪਰੈਲ
ਸਿਟੀ ਥਾਣੇ ਦੇ ਨੇੜੇ ਨਗਰ ਕੌਂਸਲ ਵੱਲੋਂ ਬਣਾਏ ਗਏ ਪਖ਼ਾਨਿਆਂ ਦੀ ਮੁਰੰਮਤ ਦਾ ਕੰਮ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਹੈ, ਜੋ ਅਜੇ ਤੱਕ ਮੁਕੰਮਲ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇੱਥੇ 2 ਪਖਾਨੇ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮਹਿਲਾਵਾਂ ਤੇ ਇੱਕ ਪੁਰਸ਼ਾਂ ਲਈ ਹੈ। ਇਨ੍ਹਾਂ ਵਿੱਚੋਂ ਪੁਰਸ਼ਾਂ ਲਈ ਬਣਾਏ ਪਖ਼ਾਨੇ ਵਿੱਚ ਮਿੱਟੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਪੁਰਸ਼ਾਂ ਨੂੰ ਮਜਬੂਰੀਵੱਸ ਮਹਿਲਾਵਾਂ ਦੇ ਪਖ਼ਾਨੇ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਸ ਕਾਰਨ ਮਹਿਲਾਵਾਂ ਉਥੇ ਜਾਣ ਤੋਂ ਗੁਰੇਜ਼ ਕਰਦੀਆਂ ਹਨ। ਮੌਕੇ ’ਤੇ ਮੌਜੂਦ ਕੁਝ ਦੁਕਾਨਦਾਰਾਂ ਨੇ ਦੱਸਿਆਂ ਕਿ ਇਨ੍ਹਾਂ ਪਖਾਨਿਆਂ ’ਤੇ ਟਾਈਲਾਂ ਲਗਾਉਣ ਦਾ ਕੰਮ ਕਰੀਬ ਅੱਠ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਜੋ ਹੁਣ ਤੱਕ ਮੁਕੰਮਲ ਨਹੀਂ ਹੋਇਆ।
ਵਾਰਡ ਨੰਬਰ 22 ਦੇ ਐੱਮਸੀ ਵਿਨਿਤ ਜੈਨ (ਬਿੱਟੂ) ਅਤੇ ਵਾਰਡ ਨੰਬਰ 21 ਦੀ ਐੱਮਸੀ ਸ਼ਿਵਾਨੀ ਚੱਢਾ ਨੇ ਕਿਹਾ ਕਿ ਗੱਲ ਕਰਨ ’ਤੇ ਠੇਕੇਦਾਰ ਕੁੱਝ ਦਿਨਾਂ ਵਿੱਚ ਕੰਮ ਮੁਕੰਮਲ ਕਰਨ ਦਾ ਕਹਿ ਕੇ ਗੱਲ ਟਾਲ ਦਿੰਦਾ ਹੈ। ਇਸ ਸਬੰਧੀ ਠੇਕੇਦਾਰ ਸ਼ਿਵ ਕੁਮਾਰ ਨੇ ਕਿਹਾ ਕਿ ਇੱਕ-ਦੋ ਦਿਨ ਵਿੱਚ ਪਖਾਨਿਆਂ ਦਾ ਲੇਵਲ ਕਰਕੇ ਗੇਟ ਲਗਾ ਦਿੱਤਾ ਜਾਵੇਗਾ।