ਪੱਤਰ ਪ੍ਰੇਰਕ
ਚੰਡੀਗੜ੍ਹ, 28 ਜੁਲਾਈ
ਉਦਯੋਗ ਭਵਨ, ਸੈਕਟਰ 17 ਚੰਡੀਗੜ੍ਹ ਵਿਖੇ ਪੀ.ਐੱਸ.ਆਈ.ਈ.ਸੀ. ਸਟਾਫ ਭਲਾਈ ਸੰਸਥਾ ਵੱਲੋਂ ਤੀਆਂ ਦਾ ਤਿਉਹਾਰ ਅਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗਿੱਧਾ, ਮਲਵਈ ਗਿੱਧਾ, ਕਵਿਤਾ ਉਚਾਰਨ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪ੍ਰਸ਼ਨ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ, ਪੰਜਾਬ ਬਿਊਰੋ, ਪੰਜਾਬ ਇੰਫੋਟੈੱਕ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਜੱਜਮੈਂਟ ਰਵਿੰਦਰ ਕੌਰ ਬਨਵੈਤ (ਵਿਸ਼ਾ ਮਾਹਿਰ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ) ਨੇ ਕੀਤੀ। ਜੇਤੂਆਂ ਨੂੰ ਏਐੱਮਡੀ ਰੁਬਿੰਦਰਜੀਤ ਸਿੰਘ ਬਰਾੜ ਨੇ ਸਨਮਾਨਿਤ ਕੀਤਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੇ ਤਿਉਹਾਰਾਂ ਦੀ ਹੋਂਦ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ। ਰੂਪਕੰਵਲ ਕੌਰ ਨੇ ਦੱਸਿਆ ਕਿ ਟ੍ਰਾਈਸਿਟੀ ’ਚ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਪੀਐੱਸਆਈਈਸੀ ਸਟਾਫ਼ ਭਲਾਈ ਸੰਸਥਾ ਵੱਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।