ਪੱਤਰ ਪ੍ਰੇਰਕ
ਪੰਚਕੂਲਾ, 24 ਅਪਰੈਲ
ਗਊਆਂ ਚੋਰੀ ਕਰ ਕੇ ਲਿਜਾਂਦੇ ਹੋਏ ਤਿੰਨ ਵਿਅਕਤੀਆਂ ਨੂੰ ਲੋਕਾਂ ਨੇ ਫੜ੍ਹ ਕੇ ਸੈਕਟਰ-14 ਚੌਕੀ ਦੀ ਪੁਲੀਸ ਹਵਾਲੇ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਰਘਵੀਰ ਸਿੰਘ ਨੇ ਦੱਸਿਆ ਕਿ ਉਹ ਵਿਕਾਸ ਨਗਰ ਨਾਕਾ ਫੇਜ਼-2, ਪੰਚਕੂਲਾ ਨੇੜੇ ਰਹਿੰਦਾ ਹੈ। ਉਹ ਗਊਆਂ ਅਤੇ ਮੱਝਾਂ ਪਾਲਦਾ ਹੈ। ਹਰ ਰੋਜ਼ ਦੀ ਤਰ੍ਹਾਂ ਜਦੋਂ ਉਹ ਆਪਣੀਆਂ ਗਊਆਂ ਦੇਖਣ ਲਈ ਕੋਠੇ ’ਤੇ ਗਿਆ ਤਾਂ ਉੱਥੇ ਦੋ ਗਊਆਂ ਨਹੀਂ ਮਿਲੀਆਂ। ਇਸ ਦੀ ਸੂਚਨਾ ਉਸ ਨੇ ਆਪਣੇ ਦੋਸਤਾਂ ਨੂੰ ਦਿੱਤੀ। ਸਵੇਰੇ ਕਰੀਬ 10 ਵਜੇ ਉਹ ਆਪਣੇ ਦੋਸਤਾਂ ਨਾਲ ਗਊਆਂ ਦੀ ਭਾਲ ਲਈ ਨਿਕਲਿਆ। ਜਦੋਂ ਉਹ ਸਵੇਰੇ ਕਰੀਬ 10.30 ਵਜੇ ਬੈਲ ਕਲੋਨੀ ਸੈਕਟਰ-14 ਕੋਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਇਕ ਗਾਂ ਦਰੱਖਤ ਨਾਲ ਬੰਨ੍ਹੀ ਹੋਈ ਸੀ। ਉਸੇ ਸਮੇਂ ਮੌਕੇ ’ਤੇ ਇਕ ਗੱਡੀ ਪਹੁੰਚੀ, ਜਿਸ ਵਿੱਚ ਉਸ ਦੀ ਦੂਜੀ ਗਾਂ ਵੀ ਮੌਜੂਦ ਸੀ। ਤਿੰਨ ਵਿਅਕਤੀ ਕਾਰ ਤੋਂ ਹੇਠਾਂ ਉਤਰੇ ਅਤੇ ਦਰੱਖਤ ਨਾਲ ਬੱਝੀ ਗਾਂ ਨੂੰ ਕਾਰ ਵਿੱਚ ਪਾਉਣ ਲੱਗੇ। ਜਦੋਂ ਸ਼ਿਕਾਇਤਕਰਤਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਗਾਂ ਬਾਰੇ ਸਵਾਲ ਕੀਤਾ ਤਾਂ ਉਹ ਕੋਈ ਜਵਾਬ ਨਾ ਦੇ ਸਕਿਆ ਤੇ ਉਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਤੇ ਉਸ ਦੇ ਦੋਸਤਾਂ ਨੇ ਤਿੰਨੋਂ ਮੁਲਜ਼ਮਾਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ।