ਆਤਿਸ਼ ਗੁਪਤਾ
ਚੰਡੀਗੜ੍ਹ, 30 ਨਵੰਬਰ
ਦੱਖਣੀ ਅਫਰੀਕਾ ਤੋਂ ਪਰਤੇ ਚੰਡੀਗੜ੍ਹ ਦੇ ਸੈਕਟਰ-36 ਦੇ ਵਸਨੀਕ 39 ਸਾਲਾ ਕਰੋਨਾ ਪਾਜ਼ੇਟਿਵ ਨੌਜਵਾਨ ਦਾ ‘ਓਮੀਕਰੋਨ’ ਟੈਸਟ ਕਰਵਾਉਣ ਲਈ ਨਮੂਨੇ ਦਿੱਲੀ ਐੱਨਸੀਡੀਸੀ ਵਿਚ ਭੇਜ ਦਿੱਤੇ ਹਨ। ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਨੌਕਰ ਦੇ ਨਮੂਨੇ ਵੀ ‘ਓਮੀਕਰੋਨ’ ਟੈਸਟ ਲਈ ਭੇਜੇ ਗਏ ਹਨ। ਇਸ ਦੀ ਰਿਪੋਰਟ ਦੋ ਹਫ਼ਤੇ ਤੱਕ ਆਉਣ ਦੀ ਸੰਭਾਵਨਾ ਹੈ। ਉੱਥੇ ਹੀ ਯੂਟੀ ਪ੍ਰਸ਼ਾਸਨ ਨੇ ਕਰੋਨਾ ਪਾਜ਼ੇਟਿਵ ਨੌਜਵਾਨ, ਉਸ ਦੀ ਪਤਨੀ ਅਤੇ ਨੌਕਰ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ’ਚ ਤਬਦੀਲ ਕਰ ਦਿੱਤਾ ਹੈ ਜਿੱਥੇ ਡਾਕਟਰੀ ਦੇਖ-ਰੇਖ ਹੇਠ ਇਕਾਂਤਵਾਸ ’ਚ ਰੱਖਿਆ ਜਾ ਰਿਹਾ ਹੈ।
ਯੂਟੀ ਪ੍ਰਸ਼ਾਸਨ ਨੇ ਸੈਕਟਰ-36 ਦੇ ਨੌਜਵਾਨ ਦੀ ਪਤਨੀ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਦੀ ਪਤਨੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਸਿਹਤ ਵਿਭਾਗ ਨੇ ਅੱਠ ਜਣਿਆਂ ਦੇ ਸੈਕਟਰ-32 ਹਸਪਤਾਲ ਵਿੱਚ ਕਰੋਨਾ ਟੈਸਟ ਕੀਤੇ ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਯੂਟੀ ਪ੍ਰਸ਼ਾਸਨ ਵੱਲੋਂ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਨੌਜਵਾਨ ਜਾਂ ਉਸ ਦੇ ਪਰਿਵਾਰਕ ਮੈਂਬਰ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਰੋਨਾ ਦੇ ਨਵੇਂ ਸਰੂਪ ਦਾ ਸਾਹਮਣਾ ਕਰਨ ਲਈ ਸ਼ਹਿਰ ਵਾਸੀਆਂ ਨੂੰ ਕਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਸੈਕਟਰ-4 ’ਚ ਕੰਟੇਨਮੈਂਟ ਜ਼ੋਨ ਬਣਾਇਆ
ਦੱਖਣੀ ਅਫਰੀਕਾ ਸਣੇ ਦਰਜਨ ਭਰ ਦੇਸ਼ਾਂ ਵਿੱਚ ਕਰੋਨਾਵਾਇਰਸ ਦਾ ਨਵਾਂ ਸਰੂਪ ‘ਓਮੀਕਰੋਨ’ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਜਿਨ੍ਹਾਂ ਨੇ ਕਰੋਨਾਵਾਇਰਸ ਦੇ ਵਧ ਕੇਸ ਸਾਹਮਣੇ ਆਉਣ ਕਰ ਕੇ ਸੈਕਟਰ-4 ਦੇ ਇਕ ਘਰ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਇਹ ਆਦੇਸ਼ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਹਨ।
‘ਓਮੀਕਰੋਨ’ ਬਾਰੇ ਪੀਜੀਆਈ ਵੱਲੋਂ ਐਡਵਾਈਜ਼ਰੀ ਜਾਰੀ
ਚੰਡੀਗੜ੍ਹ (ਕੁਲਦੀਪ ਸਿੰਘ): ‘ਓਮੀਕਰੋਨ’ ਸਬੰਧੀ ਪੀਜੀਆਈ ਚੰਡੀਗੜ੍ਹ ਵੱਲੋਂ ਇਸ ਤੋਂ ਬਚਾਅ ਅਤੇ ਫੈਲਾਅ ਰੋਕਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੀਜੀਆਈ ਦੇ ਕੋਵਿਡ-19 ਟੈਸਟਿੰਗ ਦੇ ਕੋਆਰਡੀਨੇਟਰ ਡਾ. ਪੀ. ਮਿਨੀ ਸਿੰਘ ਅਤੇ ਨੋਡਲ ਅਫ਼ਸਰ ਡਾ. ਪੀਵੀ ਐਮ ਲਕਸ਼ਮੀ ਨੇ ਟ੍ਰਾਈਸਿਟੀ ਦੇ ਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ ਦੇ ਉੱਚਿਤ ਵਿਵਹਾਰ ਜਿਵੇਂ ਕਿ ਮਾਸਕ ਲਗਾਉਣਾ, ਸਮਾਜਿਕ ਦੂਰੀ, ਹੱਥਾਂ ਦੀ ਸਫ਼ਾਈ ਵਰਗੇ ਨਿਯਮਾਂ ਦੀ ਪਾਲਣਾ ਕਰਦੇ ਰਹਿਣ ਅਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਯਕੀਨੀ ਬਣਾਉਣ। ਭਾਰੀ ਇਕੱਠ ਅਤੇ ਗ਼ੈਰ-ਜ਼ਰੂਰੀ ਯਾਤਰਾ ਤੋਂ ਸਖ਼ਤੀ ਨਾਲ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਾਹ ਸਬੰਧੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਕੋਵਿਡ-19 ਲਈ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਰਿਪੋਰਟਾਂ ਉਪਲਬਧ ਹੋਣ ਤੱਕ ਆਪਣੇ ਆਪ ਨੂੰ ਅਲੱਗ ਰੱਖਣਾ ਚਾਹੀਦਾ ਹੈ।