ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਨਵੰਬਰ
ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿਦਿਤਾ ਮਿਤਰਾ ਨੇ ਡਿਊਟੀ ’ਚ ਕੁਤਾਹੀ ਵਰਤਣ ’ਤੇ ਨਗਰ ਨਿਗਮ ਦੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਕਮਿਸ਼ਨਰ ਨੇ ਮੌਜੂਦਾ ਸਮੇਂ ਪਾਰਕਿੰਗ ਸ਼ਾਖਾ ’ਚ ਤਾਇਨਾਤ ਸੀਨੀਅਰ ਅਸਿਸਟੈਂਟ ਸੁਦੇਸ਼ ਕੁਮਾਰ ਨੂੰ ਸੈਕਟਰ-17 ਦੇ ਦੁਕਾਨਦਾਰਾਂ ਨੂੰ ਕੂਪਨ ਜਾਰੀ ਕਰਨ ਲਈ ਸੌਂਪੀ ਵਿਸ਼ੇਸ਼ ਡਿਊਟੀ ’ਚ ਕੁਤਾਹੀ ਕਰਨ ਕਰਕੇ ਮੁਅੱਤਲ ਕਰ ਦਿੱਤਾ ਹੈ। ਕਾਰਜਕਾਰੀ ਇੰਜਨੀਅਰ ਦੇ ਦਫ਼ਤਰ, ਰੋਡ ਡਿਵੀਜ਼ਨ ਨੰਬਰ 3 ’ਚ ਤਾਇਨਾਤ ਕਲਰਕ ਯੋਗੇਸ਼ ਕੁਮਾਰ ਤੇ ਚਪੜਾਸੀ ਸਿਮਰਨਜੀਤ ਸਿੰਘ ਨੂੰ ਵੀ ਦੁਕਾਨਦਾਰਾਂ ਨੂੰ ਗਲਤ ਜਾਰੀ ਕੀਤੇ ਕੂਪਨ ਦੇ ਦੇਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਸਮੇਂ ਦੌਰਾਨ ਸੰਯੁਕਤ ਕਮਿਸ਼ਨਰ ਦਾ ਦਫ਼ਤਰ ਉਨ੍ਹਾਂ ਦਾ ਮੁੱਖ ਦਫ਼ਤਰ ਹੋਵੇਗਾ। ਇਸ ਤੋਂ ਇਲਾਵਾ ਕਮਿਸ਼ਨਰ ਨੇ ਓਐੱਸਡੀ-2, ਦੀਆਂ ਸੇਵਾਵਾਂ ਨਿਭਾਉਣ ਵਾਲੇ ਲੇਖਾ ਅਫ਼ਸਰ ਸੁਰਿੰਦਰ ਸ਼ਰਮਾ ਨੂੰ ਦੀਵਾਲੀ ਦੇ ਤਿਉਹਾਰ ਲਈ ਆਰਜ਼ੀ ਸਟਾਲ ਲਗਾਉਣ ਲਈ ਕੂਪਨ ਜਾਰੀ ਕਰਨ ਲਈ ਅਧਿਕਾਰੀ ਇੰਚਾਰਜ ਹੋਣ ਕਾਰਨ ਨਿਗਰਾਨੀ ਦੀ ਘਾਟ ਲਈ ਚਾਰਜਸ਼ੀਟ ਕਰ ਦਿੱਤੀ ਹੈ। ਗਲਤ ਤਰੀਕੇ ਨਾਲ ਜਾਰੀ ਕੀਤੇ ਕੂਪਨ ਤੁਰੰਤ ਵਾਪਸ ਲੈ ਲਏ ਹਨ ਤੇ ਇਨਫੋਰਸਮੈਂਟ ਵਿੰਗ ਨੇ ਸੈਕਟਰ-17 ਤੋਂ ਸਾਰੇ ਅਣਅਧਿਕਾਰਤ ਵਿਕਰੇਤਾਵਾਂ ਨੂੰ ਹਟਾ ਦਿੱਤਾ ਹੈ।