ਆਤਿਸ਼ ਗੁਪਤਾ
ਚੰਡੀਗੜ੍ਹ, 2 ਮਾਰਚ
ਪੁਲੀਸ ਨੇ ਫੇਸਬੁੱਕ ’ਤੇ ਲੜਕੀ ਦੀ ਨਕਲੀ ਆਈਡੀ ਬਣਾ ਕੇ ਦੋਸਤੀ ਕਰ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਰੋਹ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਨਾਇਜੀਰੀਅਨਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 23 ਮੋਬਾਈਲ, 23 ਸਿਮ, 40 ਏਟੀਐਮ ਕਾਰਡ, 8 ਪਾਸ ਬੁੱਕ, 4 ਚੈੱਕਬੁੱਕ, 4 ਲੈਪਟਾਪ, 5 ਵਾਈਫਾਈ ਅਤੇ ਇੱਕ ਡੋਂਗਲ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗਿਡੀਓਨ ਸੇਬੇਸਟਿਅਨ, ਕਲੇਮੈਂਟ ਅਫੁਲ ਅਤੇ ਮੋਇਸ ਕੀ ਵਾਸੀਆਨ ਨਾਈਜ਼ੇਰੀਅਨ ਵਜੋਂ ਹੋਈ ਹੈ ਜੋ ਮੌਜੂਦਾ ਸਮੇਂ ਦਿੱਲੀ ਵਿੱਚ ਰਹਿ ਰਹੇ ਸਨ।
ਐੱਸਪੀ ਕੇਤਨ ਬਾਂਸਲ ਨੇ ਕਿਹਾ ਕਿ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈੱਲ ਦੀ ਟੀਮ ਕੋਲ ਮਨੀਮਾਜਰਾ ਦੇ ਵਸਨੀਕ ਯਸ਼ਵੀਰ ਸਿੰਘ ਨੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਉਸਦੀ ਫੇਸਬੁੱਕ ’ਤੇ ਟੀਨਾ ਫਰਾਂਸਿਸ ਨਾਮ ਦੀ ਲੜਕੀ ਨਾਲ ਦੋਸਤੀ ਹੋ ਗਈ ਅਤੇ ਮੋਬਾਈਲ ਨੰਬਰ ਬਦਲ ਕੇ ਚੈਟਿੰਗ ਸ਼ੁਰੂ ਹੋ ਗਈ ਹੈ। ਉਸ ਤੋਂ ਬਾਅਦ ਲੜਕੀ ਨੇ ਕੀਮਤੀ ਗਿਫ਼ਟ ਭੇਜਣ ਦਾ ਦਾਅਵਾ ਕੀਤਾ ਜਿਸ ਨੂੰ ਲੈਣ ਲਈ 33,500 ਰੁਪਏ ਜਮ੍ਹਾਂ ਕਰਵਾਉਣੇ ਪੈਣੇ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਵੱਖਰੇ ਨੰਬਰ ਤੋਂ ਫੋਨ ਆਇਆ ਅਤੇ 1.36 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ 1.75 ਲੱਖ ਰੁਪਏ, 2.35 ਲੱਖ ਰੁਪਏ ਅਤੇ 29 ਹਜ਼ਾਰ ਰੁਪਏ ਵੱਖੋ-ਵੱਖਰੇ ਸਮੇਂ ’ਤੇ ਜਮ੍ਹਾਂ ਕਰਵਾ ਲਏ। ਸ਼ਿਕਾਇਤ ਕਰਤਾ ਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 8.72 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਉਸ ਤੋਂ ਬਾਅਦ ਨਾ ਤਾਂ ਕੋਈ ਕੀਮਤੀ ਗਿਫ਼ਟ ਮਿਲ ਸਕਿਆ ਹੈ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ ਗਏ।
ਚੰਡੀਗੜ੍ਹ ਸਾਈਬਰ ਸੈੱਲ ਦੀ ਟੀਮ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਤਾਂ ਤਿੰਨਾਂ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸ੍ਰੀ ਕੇਤਨ ਬਾਂਸਲ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਿਸੇ ਅਜ਼ਨਬੀ ਵਿਅਕਤੀ ਨਾਲ ਗੱਲ ਨਾ ਕੀਤੀ ਜਾਵੇ ਅਤੇ ਉਸ ਵੱਲੋਂ ਕੀਤੇ ਜਾਣ ਵਾਲੇ ਵਾਅਦਿਆਂ ’ਤੇ ਭਰੋਸਾ ਨਾ ਕੀਤਾ ਜਾਵੇ।