ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 7 ਅਗਸਤ
ਪੁਲੀਸ ਨੇ ਪਿੰਡ ਸਿੰਘਪੁਰਾ ਦੇ ਨੇੜੇ ਤਿੰਨ ਵੱਖ-ਵੱਖ ਵਿਅਕਤੀਆਂ ਨੂੰ ਦੱਸ ਕਿਲੋ ਡੋਡੇ ਅਤੇ ਅੱਧਾ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਜ਼ੀਰਕਪੁਰ ਥਾਣਾ ਮੁਖੀ ਇੰਸਪੈਕਟਰ ਦੀਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਸਿੰਘਪੁਰਾ ਚੌਕ ਲਾਗੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਕ ਵਿਅਕਤੀ ਕੋਲੋਂ ਅੱਧਾ ਕਿਲੋ ਅਫੀਮ ਅਤੇ ਦੋ ਹੋਰ ਕੋਲੋਂ ਦੱਸ ਕਿਲੋ ਡੋਡੇ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਸ਼ਿਵ ਸ਼ੰਕਰ ਸ਼ਰਮਾ ਵਾਸੀ ਪਿੰਡ ਪਿਪਰੀਆ ਜ਼ਿਲ੍ਹਾ ਬਰੇਲੀ ਯੂਪੀ, ਪ੍ਰੇਮ ਸ਼ੰਕਰ ਵਾਸੀ ਬਰੇਲੀ ਉੱਤਰ ਪ੍ਰਦੇਸ਼ ਅਤੇ ਮੋਹਿਤ ਗੁਪਤਾ ਵਾਸੀ ਬਰੇਲੀ ਵਜੋਂ ਹੋਈ ਹੈ।
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਗ੍ਰਿਫ਼ਤਾਰ
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱੱਤਰ ਪ੍ਰੇਰਕ): ਬਡਾਲੀ ਆਲਾ ਸਿੰਘ ਦੀ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪੁਲੀਸ ਨੇ ਖਰੜ ਤੋਂ ਪਿੰਡ ਕਮਾਲੀ ਨੂੰ ਜਾਂਦੀ ਸੜਕ ’ਤੇ ਬੀਰਬਲ ਵਾਸੀ ਪਿੰਡ ਚੋਲਟਾ ਖੁਰਦ ਨੂੰ ਰੋਕਿਆ, ਜਿਸ ਕੋਲੋਂ ਤਲਾਸ਼ੀ ਦੌਰਾਨ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇੱਕ ਹੋਰ ਮਾਮਲੇ ’ਚ ਬਡਾਲੀ ਆਲਾ ਸਿੰਘ ਦੀ ਪੁਲੀਸ ਨੇ ਸਾਹਿਲ ਕੁਮਾਰ ਸ਼ੈਂਕੀ ਵਾਸੀ ਪਿੰਡ ਚੋਲਟਾ ਖੁਰਦ ਦੇ ਕਬਜ਼ੇ ’ਚੋਂ 14 ਗ੍ਰਾਮ ਹੈਰੋਇਨ ਬਰਾਮਦ ਕੀਤੀ।