ਪੱਤਰ ਪ੍ਰੇਰਕ
ਬਨੂੜ, 16 ਸਤੰਬਰ
ਇੱਥੋਂ ਦੀ ਪੁਲੀਸ ਨੇ ਅਜ਼ੀਜ਼ਪੁਰ ਟੌਲ ਪਲਾਜ਼ਾ ਦੇ ਮੁਲਾਜ਼ਮ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਨੂੰ ਸਕਾਰਪੀਓ ਗੱਡੀ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਟੌਲ ਪਲਾਜ਼ਾ ਉੱਤੇ ਬਿਨਾਂ ਟੌਲ ਦਿੱਤਿਆਂ ਵੀਆਈਪੀ ਲੇਨ ਵਿੱਚੋਂ ਸਕਾਰਪੀਓ ਕੱਢਣ ਤੋਂ ਰੋਕਣ ਵਾਲੇ ਮੁਲਾਜ਼ਮ ਹਰਵਿੰਦਰ ਸਿੰਘ ਵਾਸੀ ਖਿਜ਼ਰਗੜ੍ਹ (ਕਨੌੜ) ਕੁੱਟਮਾਰ ਕੀਤੀ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਮਗਰੋਂ ਪੁਲੀਸ ਨੇ ਸਕਾਰਪੀਓ ਸਵਾਰ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਪਾਰਟੀ ਨੇ ਬਨੂੜ ਬੈਰੀਅਰ ਨੇੜੇ ਲਗਾਏ ਨਾਕੇ ਕੋਲੋਂ ਇਨ੍ਹਾਂ ਨੂੰ ਗੱਡੀ ਸਮੇਤ ਕਾਬੂ ਕੀਤਾ ਹੈ। ਪੁਲੀਸ ਵੱਲੋਂ ਸਬੰਧਿਤ ਮਾਮਲੇ ਵਿੱਚ ਕਾਬੂ ਕੀਤੇ ਗਏ ਨੌਜਵਾਨਾਂ ਵਿੱਚ ਸਿਮਰਦੀਪ ਸਿੰਘ ਵਾਸੀ ਪਿੰਡ ਧਰੇੜੀ ਜੱਟਾਂ (ਪਟਿਆਲਾ), ਸੁਹੇਲਸਿਮਰ ਵਾਸੀ ਫਰੈਂਡਜ਼ ਐਨਕਲੇਵ ਪਟਿਆਲਾ ਅਤੇ ਅਰਸ਼ਦੀਪ ਸਿੰਘ, ਵਾਸੀ ਪਿੰਡ ਮੰਡੌਲੀ (ਪਟਿਆਲਾ) ਸ਼ਾਮਿਲ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਜ਼ਿਲ੍ਹਾ ਪਟਿਆਲਾ ਦੇ ਪੁਲੀਸ ਮੁਖੀ ਨੇ ਟਵੀਟ ਕਰਕੇ ਵੀ ਤਿੰਨਾਂ ਨੂੰ ਕਾਬੂ ਕੀਤੇ ਜਾਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।