ਸਰਬਜੀਤ ਸਿੰਘ ਭੱਟੀ
ਲਾਲੜੂ, 30 ਜੂਨ
ਨਜ਼ਦੀਕੀ ਪਿੰਡ ਬੀਜਨਪੁਰ ਵਾਸੀ ਪੰਚਾਇਤੀ ਦਰੱਖਤਾਂ ਦੀ ਤਿੰਨ ਦਹਾਕੇ ਤੱਕ ਰਾਖੀ ਕਰਨ ਵਾਲੇ ਵਿਅਕਤੀ ਨੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਵਿਭਾਗ ’ਤੇ ਦੋਸ਼ ਲਾਇਆ ਕਿ ਉਹ ਉਸ ਨੂੰ ਪਿਛਲੇ 30 ਸਾਲਾਂ ਦਾ ਮਿਹਨਤਆਨਾ ਨਹੀਂ ਦੇ ਰਹੇ। ਤਤਕਾਲੀ ਪੰਚਾਇਤ ਨੇ ਉਸ ਨੂੰ ਦਰੱਖਤਾਂ ਦੀ ਵਿਕਰੀ ਸਮੇਂ 10ਵਾਂ ਹਿੱਸਾ ਦੇਣ ਦਾ ਮਤਾ ਪਾਸ ਕੀਤਾ ਸੀ।
ਸ਼ਿਕਾਇਤਕਰਤਾ ਹਿਸਮ ਚੰਦ ਵਾਸੀ ਬੀਜਨਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ 32 ਸਾਲ ਤੱਕ 1987 ਤੋਂ ਲੈ ਕੇ 2020 ਤੱਕ ਪਿੰਡ ਦੇ ਪੰਚਾਇਤ ਰਕਬੇ ਵਿੱਚ ਖੜ੍ਹੇ 50 ਏਕੜ ਜੰਗਲ ਦੀ ਰਾਖੀ ਕੀਤੀ ਜੋ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਹੁਣ ਉਹ ਕਰ ਰਹੇ ਹਨ। ਇਸ ਦੇ ਬਦਲੇ ਤਤਕਾਲੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਸੀ ਕਿ ਜਦੋਂ ਜੰਗਲ ਦੀ ਲੱਕੜ ਵਿਕੇਗੀ ਤਾਂ ਉਸ ਵਿਚੋਂ ਉਨ੍ਹਾਂ ਨੂੰ 10ਵਾਂ ਹਿੱਸਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 3 ਜੁਲਾਈ 2020 ਨੂੰ ਇਸ ਜ਼ਮੀਨ ’ਚ ਖੜ੍ਹੇ ਜੰਗਲ ਦੀ ਲੱਕੜੀ 96 ਲੱਖ ਰੁਪਏ ਵਿੱਚ ਨਿਲਾਮ ਹੋਈ, ਜਿਸ ਦੇ ਮੁਤਾਬਿਕ ਉਨ੍ਹਾਂ ਦੇ 9 ਲੱਖ ਸੱਠ ਹਜ਼ਾਰ ਰੁਪਏ ਬਣਦੇ ਹਨ ਪਰ ਮੌਜੂਦਾ ਸਰਪੰਚ ਹਿੱਸਾ ਦੇਣ ਤੋਂ ਇਨਕਾਰੀ ਹੋ ਰਿਹਾ ਹੈ। ਮੌਜੂਦਾ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਹਿਸਮ ਚੰਦ ਕੋਈ ਪੰਚਾਇਤੀ ਮਤਾ ਪੇਸ਼ ਨਹੀਂ ਕਰ ਸਕਿਆ। ਜੇ ਉਸ ਕੋਲ ਮਤਾ ਹੈ ਤਾਂ ਵਿਭਾਗ ਕੋਲ ਪੇਸ਼ ਕਰ ਕੇ ਆਪਣੀ ਚਾਰਾਜੋਈ ਕਰ ਸਕਦਾ ਹੈ। ਪੰਚਾਇਤ ਸਕੱਤਰ ਜਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਵੀ ਰਿਕਾਰਡ ਸੀ, ਉਸ ਦੀ ਨਕਲ ਦੇੇ ਦਿੱਤੀ ਹੈ।