ਕੁਲਦੀਪ ਸਿੰਘ
ਚੰਡੀਗੜ੍ਹ, 9 ਜੂਨ
ਸੀਟੀਯੂ ਵਰਕਰਜ਼ ਯੂਨੀਅਨ ਦੀ ਸਾਲ 2022-23 ਲਈ ਹੋਣ ਵਾਲੀ ਸਾਲਾਨਾ ਚੋਣ ਵਿੱਚ ਤਿੰਨ ਧੜਿਆਂ ਵਿਚਾਲੇ ਫਸਵੀਂ ਟੱਕਰ ਹੋਣ ਜਾ ਰਹੀ ਹੈ। ਇਸ ਵਾਰ ਵੀ ਚੋਣ ਵਿੱਚ ਤਿਕੋਣਾ ਮੁਕਾਬਲਾ ਹੋਵੇਗਾ। ਚੋਣ ਕਮਿਸ਼ਨਰ ਮਲਕੀਅਤ ਸਿੰਘ ਪਪਨੇਜਾ ਤੇ ਡਿਪਟੀ ਚੋਣ ਕਮਿਸ਼ਨਰ ਹਰਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਧੜੇ ਵਿੱਚੋਂ ਮੌਜੂਦਾ ਪ੍ਰਧਾਨ ਧਰਮਿੰਦਰ ਸਿੰਘ ਰਾਹੀ ਇਸ ਵਾਰ ਵੀ ਪ੍ਰਧਾਨਗੀ ਦੇ ਅਹੁਦੇ ਲਈ, ਸਬ-ਇੰਸਪੈਕਟਰ ਨਾਇਬ ਸਿੰਘ ਮੀਤ ਪ੍ਰਧਾਨ, ਜੋਗਿੰਦਰ ਸਿੰਘ ਟੀ.ਜੀ.-1 ਜਨਰਲ ਸਕੱਤਰ ਅਤੇ ਡਰਾਈਵਰ ਸ਼ਮਸ਼ੇਰ ਸਿੰਘ ਵਿੱਤ ਸਕੱਤਰ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਨਿੱਤਰੇ ਹਨ। ਇਸ ਧੜੇ ਦਾ ਚੋਣ ਨਿਸ਼ਾਨ ਰੇਲ ਦਾ ਇੰਜਣ ਹੈ।
ਦੂਜੇ ਧੜੇ ਮਤਲਬ ਪੈਨਲ ਨੰਬਰ-2 ਵਿੱਚ ਜਸਵੰਤ ਸਿੰਘ ਵੈਲਡਰ (ਟੀ.ਜੀ.-1) ਪ੍ਰਧਾਨਗੀ ਦੇ ਅਹੁਦੇ ਲਈ, ਗੁਲਾਬ ਸਿੰਘ ਡਰਾਈਵਰ ਮੀਤ ਪ੍ਰਧਾਨ, ਸਤਿੰਦਰ ਸਿੰਘ ਸਬ-ਇੰਸਪੈਕਟਰ ਜਨਰਲ ਸਕੱਤਰ ਅਤੇ ਗੁਰਪ੍ਰੀਤ ਸਿੰਘ ਕੰਡਕਟਰ ਵਿੱਤ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਹਨ। ਇਸ ਧੜੇ ਦਾ ਚੋਣ ਨਿਸ਼ਾਨ ‘ਸ਼ੇਰ’ ਹੈ।
ਪੈਨਲ ਨੰਬਰ-3 ਵਿੱਚੋਂ ਬਲਬੀਰ ਸਿੰਘ ਡਰਾਈਵਰ ਪ੍ਰਧਾਨਗੀ ਦੇ ਅਹੁਦੇ ਲਈ, ਰਿਛਪਾਲ ਸਿੰਘ ਡਰਾਈਵਰ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਸਬ-ਇੰਸਪੈਕਟਰ ਜਨਰਲ ਸਕੱਤਰ ਅਤੇ ਰਾਜੇਂਦਰ ਸਿੰਘ ਕੰਡਕਟਰ ਵਿੱਤ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਕਾਗਜ਼ ਭਰ ਰਹੇ ਹਨ। ਇਸ ਗਰੁੱਪ ਦਾ ਚੋਣ ਨਿਸ਼ਾਨ ‘ਕਰਾਸ ਮਸ਼ਾਲ’ ਹੈ।
ਚੋਣ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ 15 ਜੂਨ ਨੂੰ ਡਿੱਪੂ ਨੰਬਰ-1 ਵਿੱਚ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਦੂਸਰੇ ਦਿਨ 16 ਜੂਨ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਅਤੇ ਗਿਣਤੀ ਉਪਰੰਤ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ।