ਪੱਤਰ ਪ੍ਰੇਰਕ
ਬਨੂੜ, 26 ਸਤੰਬਰ
ਬਨੂੜ ਤੋਂ ਲਾਲੜੂ ਨੂੰ ਜਾਂਦੇ ਮਾਰਗ ਉੱਤੇ ਪਿੰਡ ਮਨੌਲੀ ਸੂਰਤ ਵਿੱਚ ਘੱਗਰ ਦਰਿਆ ਤੇ ਲਗਾਏ ਹੋਏ ਪੁਲ ਦੀ ਇੱਕ ਸਲੈਬ ਵਿੱਚ ਤਰੇੜਾਂ ਪੈ ਗਈਆਂ ਤੇ ਕੁਝ ਹਿੱਸਾ ਟੁੱਟ ਵੀ ਗਿਆ ਹੈ। ਪਿੰਡ ਵਾਸੀਆਂ ਤੇ ਰਾਹਗੀਰਾਂ ਨੇ ਪ੍ਰਸ਼ਾਸਨ ਦੇ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਪੁਲ ਦੀ ਮੁਰੰਮਤ ਮੰਗੀ ਹੈ। ਇਸ ਪੁਲ ਦੀ ਉਸਾਰੀ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਨੇ ਕਰਾਈ ਸੀ ਤੇ ਸੰਨ 2000 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪੁਲ ਦਾ ਉਦਘਾਟਨ ਕੀਤਾ ਸੀ।
ਬਨੂੜ ਤੇ ਲਾਲੜੂ ਦਰਮਿਆਨ ਸਿੱਧਾ ਸੰਪਰਕ ਜੋੜਨ ਵਾਲੇ ਇਸ ਪੁਲ ’ਤੋਂ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ। ਪੁਲ ਦੀ ਉਸਾਰੀ ਤੋਂ ਬਾਅਦ ਇਸ ਦੀ ਦੁਬਾਰਾ ਕਦੇ ਮੁਰੰਮਤ ਨਹੀਂ ਹੋਈ। ਮਾਈਨਿੰਗ ਮਾਫੀਆ ਵੱਲੋਂ ਪੁਲ ਕੋਲੋਂ ਘੱਗਰ ਦਰਿਆ ’ਚੋਂ ਰੇਤਾ ਕੱਢਣ ਸਮੇਂ ਇਸ ਦੇ ਹੇਠਲੇ ਹਿੱਸੇ ਨੂੰ ਵੀ ਪਿੰਡ ਵਾਸੀਆਂ ਨੇ ਕਾਫੀ ਸਮਾਂ ਪਹਿਲਾਂ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ।
ਪਿੰਡ ਵਾਸੀ ਸਨਵੀਰ ਸਿੰਘ, ਜਸਵਿੰਦਰ ਸਿੰਘ, ਭਗਤ ਸਿੰਘ ਆਦਿ ਨੇ ਦੱਸਿਆ ਕਿ ਪੁਲ ਦੀ ਇੱਕ ਸਲੈਬ ਦੇ ਅੱਧੇ ਹਿੱਸੇ ’ਚ ਤਰੇੜਾਂ ਪੈ ਗਈਆਂ ਹਨ ਤੇ ਵਿਚਕਾਰ ਦੋ ਫੁੱਟ ਦਾ ਹਿੱਸਾ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇ ਪੁਲ ਨਾ ਸਾਂਭਿਆ ਗਿਆ ਤਾਂ ਨੁਕਸਾਨ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਘੱਗਰ ਦਰਿਆ ਦਾ ਪਾਣੀ ਕਾਫੀ ਲੰਮੇ ਸਮੇਂ ਤੋਂ ਪੁਲ ਦੇ ਸਿਰਫ਼ ਦੋ ਖੂਹਾਂ ਵਿਚਕਾਰੋਂ ਲੰਘ ਰਿਹਾ ਹੈ ਜਿਸ ਕਾਰਨ ਦੋਵੇਂ ਖੂਹ ਤਕਰੀਬਨ ਹੇਠਾਂ ਤੱਕ ਨੰਗੇ ਹੋ ਚੁੱਕੇ ਹਨ।
ਮਾਮਲਾ ਮੇਰੇ ਧਿਆਨ ਵਿੱਚ ਹੈ: ਐਕਸੀਅਨ
ਡਰੇਨੇਜ ਵਿਭਾਗ ਦੇ ਐਕਸ਼ੀਅਨ ਬੀਕੇ ਸ਼ਰਮਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਐੱਸਡੀਓ ਤੇ ਜੇਈ ਪੁਲ ਦਾ ਮੌਕੇ ’ਤੇ ਜਾ ਕੇ ਮੁਆਇਨਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੁਲ ਦੀ ਮੁੱਖ ਸਲੈਬ ਦੇ ਉੱਪਰ ਪਾਈ ਦੋ ਇੰਚੀ ਸਲੈਬ ਦਾ ਕੁਝ ਟੁਕੜਾ ਟੁੱਟਿਆ ਹੈ ਅਤੇ ਪੁਲ ਦੀ ਸਲੈਬ ਨੂੰ ਕੋਈ ਨੁਕਸਾਨ ਅਤੇ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਦੀ ਮੁਰੰਮਤ ਕਰਾ ਦਿੱਤੀ ਜਾਵੇਗੀ।