ਆਤਿਸ਼ ਗੁਪਤਾ
ਚੰਡੀਗੜ੍ਹ, 11 ਨਵੰਬਰ
ਇਥੇ ਦੇ ਸੈਕਟਰ-21 ਸਥਿਤ ਪਰਵਾਸੀ ਭਾਰਤੀ ਦੇ ਘਰ ਵਿੱਚੋਂ ਚੋਰਾਂ ਨੇ ਦੇਰ ਰਾਤ ਕੀਮਤੀ ਸਾਮਾਨ ਚੋਰੀ ਕਰ ਲਿਆ। ਮਾਮਲੇ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-19 ਦੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਰ ਨਵਦੀਪ ਸਿੰਘ ਨਾਂ ਦੇ ਵਿਅਕਤੀ ਦਾ ਹੈ ਜੋ ਕਿ ਆਪਣੇ ਪਿਤਾ ਦੇ ਇਲਾਜ ਲਈ ਵਿਦੇਸ਼ ਗਿਆ ਹੋਇਆ ਹੈ ਅਤੇ ਉਸ ਦੀ ਪਤਨੀ ਆਪਣੇ ਪੇਕੇ ਘਰ ਕਰਨਾਲ ਵਿੱਚ ਰਹਿ ਰਹੀ ਹੈ। ਚੋਰੀ ਦੀ ਘਟਨਾ ਬਾਰੇ ਜਾਣਕਾਰੀ ਗੁਆਂਢੀਆਂ ਵੱਲੋਂ ਪੁਲੀਸ ਨੂੰ ਦਿੱਤੀ ਗਈ।
ਪੁਲੀਸ ਅਨੁਸਾਰ ਨਵਦੀਪ ਸਿੰਘ ਕਰੋਨਾਵਾਇਰਸ ਦੇ ਦੌਰ ਤੋਂ ਪਹਿਲਾਂ ਹੀ ਪਿਤਾ ਦਾ ਇਲਾਜ ਕਰਵਾਉਣ ਲਈ ਅਮਰੀਕਾ ਚਲਾ ਗਿਆ ਸੀ ਤੇ ਮੌਜੂਦਾ ਸਮੇਂ ਊਸ ਦੀ ਪਤਨੀ ਆਪਣੇ ਪੇਕੇ ਘਰ ਕਰਨਾਲ ਵਿੱਚ ਰਹਿ ਰਹੀ ਹੈ। ਬੀਤੇ ਕੁਝ ਸਮੇਂ ਤੋਂ ਘਰ ਬੰਦ ਪਿਆ ਸੀ ਅਤੇ ਚੋਰ ਘਰ ਵਿੱਚ ਦਾਖਲ ਹੋ ਕੇ ਦੋ ਐੱਲਈਡੀਜ਼, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਪੁਲੀਸ ਨੇ ਇਸ ਘਟਨਾ ਬਾਰੇ ਨਵਦੀਪ ਸਿੰਘ ਦੀ ਪਤਨੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਸੈਕਟਰ-19 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।