ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 22 ਸਤੰਬਰ
ਪਿੰਡ ਪੜੌਲ ਵਿੱਚ ਨੌਜਵਾਨਾਂ ਵੱਲੋਂ ਰਲ ਮਿਲ ਕੇ ਇੱਕ ਖੇਡਣ ਲਈ ਮੈਦਾਨ ਕਰੀਬ ਪੰਜ ਕਿੱਲਿਆਂ ਵਾਲੀ ਥਾਂ ਵਿੱਚ ਬਣਾਇਆ ਹੈ। ਜਿਸ ਵਿੱਚ ਪਿੰਡ ਦੇ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਵਾਲੀਵਾਲ, ਕ੍ਰਿਕਟ, ਕਬੱਡੀ, ਫੁੱਟਬਾਲ ਤੇ ਹੋਰ ਖੇਡਾਂ ਖੇਡੀਆਂ ਜਾ ਸਕਣਗੀਆਂ। ਨੌਜਵਾਨਾਂ ਗੁਰਜੀਤ ਸਿੰਘ, ਕਮਲਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਸਤਿਨਾਮ ਸਿੰਘ, ਤਰਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੋਤ ਸਿੰਘ, ਗੁਰਵਿੰਦਰ ਸਿੰਘ, ਜੈ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਦੀ ਮਦਦ ਨਾਲ ਉੱਚੀ ਤੇ ਨੀਵੀਂ ਥਾਂ ਵਿੱਚ ਪਈ ਮਿੱਟੀ ਨੂੰ ਪੱਧਰਾ ਕਰ ਕੇ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਬਣਾਇਆ ਗਿਆ। ਹੈ। ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਕੇ ਹਰਾ ਭਰਾ ਬਣਾਇਆ ਜਾਵੇਗਾ। ਉਕਤ ਨੌਜਵਾਨਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਵਫਦ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਹੈ ਕਿ ਮੈਦਾਨ ਦੇ ਚੁਫੇਰੇ ਪੌੜੀਆਂ ਬਣਾਉਣ ਅਤੇ ਹੋਰ ਉਸਾਰੀ ਕਰਨ ਲਈ ਵੱਧ ਤੋਂ ਵੱਧ ਗਰਾਂਟ ਦਿੱਤੀ ਜਾਵੇ।