ਮਿਹਰ ਸਿੰਘ
ਕੁਰਾਲੀ, 20 ਅਪਰੈਲ
ਮਿਰਜ਼ਾਪੁਰ ਨੂੰ ਬੱਦੀ ਨਾਲ ਜੋੜਨ ਵਾਲੇ ਰਸਤੇ ਨੂੰ ਬੰਦ ਕਰਨ ਦੀਆਂ ਜੰਗਲਾਤ ਵਿਭਾਗ ਦੀਆਂ ਕਾਰਵਾਈਆਂ ਖ਼ਿਲਾਫ਼ ਹੁਣ ਪਿੰਡ ਵਾਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਵੱਲੋਂ ਮਿਰਜ਼ਾਪੁਰ ਤੋਂ ਸਿਸਵਾਂ ਤੱਕ ਤਿਆਰ ਕੀਤਾ ਗਿਆ ਰਸਤਾ ਤਾਰਾਂ ਲਗਾ ਕੇ ਬੰਦ ਕਰ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨ ਦੌਰਾਨ ਸਾਬਕਾ ਸਰਪੰਚ ਦਿਲਾ ਰਾਮ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਹਿਮਾਚਲ ਪ੍ਰਦੇਸ਼ ਦੇ ਸਨਅਤੀ ਸ਼ਹਿਰ ਬੱਦੀ ਨਾਲ ਜੋੜਨ ਵਾਲੇ ਕਈ ਸਾਲ ਪੁਰਾਣੇ ਰਸਤੇ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਬੰਦ ਕਰਨ ਅਤੇ ਦਰੱਖ਼ਤ ਲਗਾ ਕੇ ਆਪਣਾ ਕਬਜ਼ਾ ਦਿਖਾਉਣ ਦੀ ਤਾਕ ਵਿੱਚ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬੱਦੀ ਨੂੰ ਜੋੜਨ ਵਾਲਾ ਇਹ ਰਸਤਾ ਪਿੰਡ ਦੇ ਕਿਸਾਨਾਂ ਦੀ ਨਿੱਜੀ ਮਾਲਕੀ ਵਾਲੀ ਜ਼ਮੀਨ ’ਤੇ ਬਣਿਆ ਹੋਇਆ ਹੈ ਅਤੇ ਰਸਤੇ ਨੂੰ ਗ਼ਲਤ ਢੰਗ ਨਾਲ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਨਿੱਜੀ ਮਾਲਕੀ ਵਾਲੀ ਜ਼ਮੀਨ ਵਿੱਚੋਂ ਰਸਤਾ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਸੀ ਇਸ ਰਸਤੇ ਨੂੰ ਮੁੜ ਖੋਲ੍ਹਣ ਦੀ ਪ੍ਰਵਾਨਗੀ ਨਹੀਂ ਦੇਣਗੇ ਸਗੋਂ ਰੋਸ ਵਜੋਂ ਇਹ ਰਸਤਾ ਬੰਦ ਰੱਖਿਆ ਜਾਵੇਗਾ। ਇਸੇ ਦੌਰਾਨ ਪਿੰਡ ਵਾਸੀਆਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਬੱਦੀ ਨੂੰ ਜੋੜਨ ਵਾਲੇ ਰਸਤੇ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ ਹੈ।
ਜੰਗਲਾਤ ਵਿਭਾਗ ਦੇ ਅਧਿਕਾਰੀ ਜਿੱਥੇ ਰਸਤਾ ਬੰਦ ਕਰਨ ਤੋਂ ਮੁਨਕਰ ਹੋ ਰਹੇ ਹਨ ਉੱਥੇ ਹੀ ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਰੂਚੱਕ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਤੋਂ ਵਰਜਿਆ ਹੈ।