ਹਰਜੀਤ ਸਿੰਘ
ਡੇਰਾਬੱਸੀ, 19 ਸਤੰਬਰ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹ ਰਾਹ ’ਤੇ ਫਲਾਈਓਵਰ ਦੇ ਹੇਠਾਂ ਸਥਿਤ ਸਬਜ਼ੀ ਮੰਡੀ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ। ਸਬਜ਼ੀ ਮੰਡੀ ਵਿੱਚ ਖਰੀਦਦਾਰੀ ਲਈ ਆਉਂਦੇ ਲੋਕਾਂ ਦੇ ਵਾਹਨ ਖੜ੍ਹੇ ਕਰਨ ਲਈ ਪਾਰਕਿੰਗ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਇਥੇ ਰੋਜ਼ਾਨਾ ਜਾਮ ਲੱਗਦਾ ਹੈ। ਇਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਾਲ 2013 ਦੇ ਨਵੰਬਰ ਮਹੀਨੇ ਵਿੱਚ ਬੱਸ ਸਟੈਂਡ ਨੇੜੇ ਹਾਈਵੇਅ ਨਾਲ ਖਾਲੀ ਪਈ ਥਾਂ ’ਤੇ ਸਬਜ਼ੀ ਮੰਡੀ ਸਥਾਪਤ ਕੀਤੀ ਸੀ। ਉਸ ਵੇਲੇ 26 ਸਬਜ਼ੀ ਵਿਕਰੇਤਾਵਾਂ ਨੂੰ ਥਾਂ ਅਲਾਟ ਕੀਤੀ ਗਈ ਸੀ। ਪਰ ਹੁਣ ਸਮੇਂ ਨਾਲ ਇਥੇ 50 ਦੇ ਕਰੀਬ ਸਬਜ਼ੀ ਦੀਆਂ ਫੜ੍ਹੀਆਂ ਹੋ ਗਈਆਂ ਹਨ। ਸਬਜ਼ੀ ਮੰਡੀ ’ਚ ਅਉਣ ਵਾਲੇ ਲੋਕ ਆਪਣੇ ਵਾਹਨ ਸੜਕ ਕੰਢੇ ਖੜ੍ਹੇ ਕਰ ਦਿੰਦੇ ਹਨ। ਭੀੜ ਵਧ ਹੋਣ ਕਾਰਨ ਵਾਹਨ ਚਾਲਕ ਥਾਂ ਨਾ ਮਿਲਣ ਕਾਰਨ ਹਾਈਵੇਅ ਦਾ ਕਾਫੀ ਹਿੱਸਾ ਘੇਰ ਲੈਂਦੇ ਹਨ। ਸ਼ਾਮ ਵੇਲੇ ਤਾਂ ਇਥੇ ਸਥਿਤੀ ਕਾਫੀ ਗੰਭੀਰ ਬਣ ਜਾਂਦੀ ਹੈ। ਇਸ ਕਾਰਨ ਇਥੇ ਜਾਮ ਲੱਗਦਾ ਹੈ। ਮੰਡੀ ਵਿੱਚ ਸਬਜ਼ੀ ਤੋਂ ਇਲਾਵਾ ਫਲ ਵਿਰਕੇਤਾ ਵੀ ਆਪਣੀ ਰੇਹੜੀਆਂ ਹਾਈਵੇਅ ਦੇ ਕੰਢੇ ਖੜ੍ਹੀਆਂ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ।
ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਥੇ ਪਾਰਕਿੰਗ ਦੇ ਪ੍ਰਬੰਧ ਨਾ ਹੋਣ ਕਾਰਨ ਉਹ ਕਿਸੇ ਖੁੱਲ੍ਹੀ ਥਾਂ ’ਤੇ ਮੰਡੀ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ ਪਰ ਹਾਲੇ ਤੱਕ ਇਸ ਦਾਅਵੇ ਨੂੰ ਬੁੂਰ ਨਹੀਂ ਪਿਆ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਬਜ਼ੀ ਮੰਡੀ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਇਸ ਲਈ ਕੋਈ ਢੁੱਕਵੀਂ ਥਾਂ ਦੀ ਭਾਲ ਕਰਨ ਦੀ ਹਦਾਇਤ ਦਿੱਤੀ ਗਈ ਹੈ।