ਹਰਜੀਤ ਸਿੰਘ
ਜ਼ੀਰਕਪੁਰ, 12 ਅਗਸਤ
ਜ਼ੀਰਕਪੁਰ-ਪਟਿਆਲਾ ਸੜਕ ’ਤੇ ਅੱਜ ਸ਼ਾਮ ਪਿੰਡ ਛੱਤ ਨੂੰ ਜਾਂਦੀ ਸੜਕ ਦੇ ਨੇੜੇ ਤੇਜ਼ ਰਫ਼ਤਾਰ ਸਵਿਫਟ ਕਾਰ ਦੇ ਚਾਲਕ ਦਾ ਬੱਸ ਨੂੰ ਓਵਰਟੇਕ ਕਰਦੇ ਹੋਏ ਸੰਤਲੁਨ ਵਿਗੜਨ ਕਰਕੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਤਿੰਨ ਪਲਟੀਆਂ ਖਾਂਦੀ ਹੋਏ ਦੂਜੇ ਪਾਸੇ ਪਟਿਆਲਾ ਸਾਈਡ ਤੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨਾਲ ਟਕਰਾ ਗਈ। ਇਸ ਹਾਦਸੇ ’ਚ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜ਼ੀਰਕਪੁਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪੰਜ ਜ਼ਖਮੀ ਨੌਜਵਾਨਾਂ ਨੂੰ ਗੱਡੀ ’ਚੋਂ ਕੱਢ ਕੇ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜ ਵਿਅਕਤੀ ਗੌਰਵ, ਗਿਪੀ (ਦੋਵੇ ਸਕੇ ਭਰਾ), ਗੁਰਪ੍ਰੀਤ ਸਿੰਘ, ਸੁੰਨੀ, ਮਹਿੰਗਾ ਸਿੰਘ (ਗੌਰਵ ਤੇ ਗਿਪੀ ਦੇ ਪਿਤਾ) ਜ਼ੀਰਕਪੁਰ ਵੱਲੋਂ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਪਟਿਆਲਾ ਵੱਲ ਜਾ ਰਹੇ ਸਨ। ਇਸ ਦੌਰਾਨ ਸਵਿਫ਼ਟ ਸਵਾਰ ਕਾਰ ਸਵਾਰ ਵਿਅਕਤੀ ਤੇਜ਼ ਰਫ਼ਤਾਰੀ ਵਿੱਚ ਬੱਸ ਨੂੰ ਓਵਰਟੇਕ ਕਰ ਰਹੇ ਸਨ ਕਿ ਅਚਾਨਕ ਡਰਾਈਵਰ ਕਾਰ ਤੋਂ ਸੰਤੁਲਨ ਗੁਆ ਬੈਠਾ ਅਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਤਿੰਨ ਪਲਟੀਆਂ ਖਾਂਦੀ ਹੋਈ ਪਟਿਆਲਾ ਵਾਲੇ ਪਾਸੇ ਤੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨਾਲ ਟਕਰਾ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਚਾਨਕ ਪਲਟਣ ਅਤੇ ਟੱਕਰ ਹੋਣ ਕਾਰਨ ਸਵਿਫਟ ਕਾਰ ਵਿੱਚ ਸਵਾਰ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿੱਚੋਂ ਦੋ ਜਣਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।