ਮੁੱਖ ਅੰਸ਼
- ਗੁੰਮਸ਼ੁਦਗੀ ਪਿੱਛੇ ਸਹੁਰਾ ਪਰਿਵਾਰ ਦੀ ਸ਼ਮੂਲੀਅਤ ਦਾ ਸ਼ੱਕ ਜ਼ਾਹਿਰ
- ਪੁਲੀਸ ਨੇ ਡੀਡੀਆਰ ਦਰਜ ਕਰ ਕੇ ਲਾਪਤਾ ਦੀ ਭਾਲ ਆਰੰਭੀ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਜੂਨ
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਰਹਿੰਦੇ ਇਕ ਸੁਰੱਖਿਆ ਗਾਰਡ ਅਮਰਪਾਲ ਸਿੰਘ ਦੀ ਪਤਨੀ ਭੇਤਭਰੀ ਹਾਲਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਉਸ ਦੀ ਪਤਨੀ ਦੇ ਲਾਪਤਾ ਹੋਣ ਸਬੰਧੀ ਰਿਪੋਰਟ ਦਰਜ ਕੀਤੀ ਗਈ ਹੈ।
ਅਮਰਪਾਲ ਨੇ ਅੱਜ ਮੁਹਾਲੀ ਦੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਅਪੀਲ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਮਾਨਸਾ ਦੀ ਲੜਕੀ ਨਾਲ ਬੀਤੀ 14 ਮਾਰਚ ਨੂੰ ਅਦਾਲਤ ਵਿੱਚ ਪ੍ਰੇਮ ਵਿਆਹ ਕਰਵਾਇਆ ਸੀ। ਨੌਜਵਾਨ ਨੇ ਆਪਣੀ ਸ਼ਿਕਾਇਤ ਨਾਲ ਵਿਆਹ ਦਾ ਸਰਟੀਫਿਕੇਟ ਵੀ ਨੱਥੀ ਕੀਤਾ ਹੈ।
ਅਮਰਪਾਲ ਨੇ ਦੱਸਿਆ ਕਿ ਲੜਕੀ ਦੇ ਮਾਪੇ ਉਨ੍ਹਾਂ ਦੇ ਵਿਆਹ ਤੋਂ ਖ਼ੁਸ਼ ਨਹੀਂ ਸਨ ਜਿਸ ਕਾਰਨ ਉਹ ਮੁਹਾਲੀ ਆ ਕੇ ਰਹਿਣ ਲੱਗ ਗਏ। ਇੱਥੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਮਿਲ ਗਈ ਜਦੋਂਕਿ ਉਸ ਦੀ ਪਤਨੀ ਵੀ ਇੱਕ ਨਾਮੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ’ਤੇ ਲੱਗ ਗਈ। ਪੀੜਤ ਨੌਜਵਾਨ ਨੇ ਦੱਸਿਆ ਕਿ ਹਫ਼ਤਾ ਕੁ ਪਹਿਲਾਂ ਪਤਨੀ ਨੇ ਉਸ ਦੇ ਧਿਆਨ ਵਿੱਚ ਲਿਆਂਦਾ ਕਿ ਇੰਜ ਜਾਪਦਾ ਹੈ ਕਿ ਜਿਵੇਂ ਕੋਈ ਉਸ ਦਾ ਪਿੱਛਾ ਕਰਦਾ ਹੋਵੇ। ਇਸ ’ਤੇ ਉਸ ਨੇ ਆਪਣੀ ਪਤਨੀ ਨੂੰ ਨੌਕਰੀ ਛੱਡਣ ਦਾ ਸੁਝਾਅ ਦਿੱਤਾ। ਉਂਜ ਵੀ ਉਹ ਗਰਭਵਤੀ ਸੀ। ਉਹ ਉਸ ਤੋਂ ਕੋਈ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ।
ਪੀੜਤ ਨੌਜਵਾਨ ਨੇ ਦੱਸਿਆ ਕਿ ਲੰਘੀ 9 ਜੂਨ ਨੂੰ ਉਸ ਦੀ ਪਤਨੀ ਰੋਜ਼ਾਨਾ ਵਾਂਗ ਡਿਊਟੀ ’ਤੇ ਜਾਣ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਆਈ। ਜਦੋਂ ਦਫ਼ਤਰ ਜਾ ਕੇ ਪਤਾ ਕੀਤਾ ਉਸ ਨੂੰ ਦੱਸਿਆ ਗਿਆ ਕਿ ਉਹ ਅੱਜ ਡਿਊਟੀ ’ਤੇ ਆਈ ਹੀ ਨਹੀਂ। ਇਹ ਗੱਲ ਸੁਣ ਕੇ ਉਹ ਬਹੁਤ ਘਬਰਾ ਗਿਆ ਅਤੇ ਥਾਣੇ ਸ਼ਿਕਾਇਤ ਦਿੱਤੀ ਗਈ। ਨੌਜਵਾਨ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਉਸ ਦਾ ਸਹੁਰਾ ਪਰਿਵਾਰ ਉਸ ਦੀ ਪਤਨੀ ਨੂੰ ਜਬਰੀ ਕਿਤੇ ਲੈ ਗਿਆ ਹੈ। ਉਸ ਨੇ ਕਿਹਾ ਕਿ ਉਸ ਦੀ ਪਤਨੀ ਅਤੇ ਉਸ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਜਾਨ ਨੂੰ ਖ਼ਤਰਾ ਹੈ। ਉੱਧਰ, ਸੈਂਟਰਲ ਥਾਣਾ ਫੇਜ਼-8 ਦੇ ਮੁਖੀ ਰਾਜੇਸ਼ ਅਰੋੜਾ ਨੇ ਦੱਸਿਆ ਕਿ ਨੌਜਵਾਨ ਦੀ ਸ਼ਿਕਾਇਤ ’ਤੇ ਵਿਆਹੁਤਾ ਦੀ ਗੁੰਮਸ਼ੁਦਗੀ ਬਾਰੇ ਡੀਡੀਆਰ ਦਰਜ ਕਰ ਲਈ ਹੈ ਅਤੇ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।