ਮੁਕੇਸ਼ ਕੁਮਾਰ
ਚੰਡੀਗੜ੍ਹ, 26 ਫਰਵਰੀ
ਇਥੇ ਸੈਕਟਰ 16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਜਾਰੀ ਗੁਲਾਬ ਮੇਲੇ ਦਾ ਦੂਜਾ ਦਿਨ ਰੰਗਾਰੰਗ ਪ੍ਰੋਗਰਾਮਾਂ ਦਾ ਰਿਹਾ। ਹਾਲਾਂਕਿ ਕੁੱਝ ਦੇਰ ਲਈ ਮੀਂਹ ਕਾਰਨ ਰੰਗ ਵਿੱਚ ਭੰਗ ਵੀ ਪਿਆ ਪਰ ਮੌਸਮ ਸਾਫ਼ ਹੁੰਦੇ ਹੀ ਵੱਡੀ ਗਿਣਤੀ ਲੋਕ ਰੋਜ਼ ਗਾਰਡਨ ਪੁੱਜੇ ਤੇ ਮੇਲੇ ਦਾ ਆਨੰਦ ਮਾਣਿਆ। ਅੱਜ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਸ਼ਾਮ ਸਮੇਂ ਪੰਜਾਬ ਦੇ ਮਸ਼ਹੂਰ ਗਾਇਕ ਲਖਵਿੰਦਰ ਵਡਾਲੀ ਨੇ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ੍ਹਿਆ।
ਨਗਰ ਨਿਗਮ ਵਲੋਂ ਕਰਵਾਏ ਜਾਣ ਵਾਲੇ ਇਸ ਸਾਲਾਨਾ ਗੁਲਾਬ ਮੇਲੇ ਦੀ ਇਸ ਸਾਲ 50ਵੀਂ ਵਰ੍ਹੇਗੰਢ ਹੈ, ਜਿਸ ਨੂੰ ਲੈਕੇ ਖਾਸ ਇੰਤਜ਼ਾਮ ਕੀਤੇ ਗਏ ਹਨ। 30 ਏਕੜ ਰਕਬੇ ਵਿੱਚ ਫੈਲੇ ਇਸ ਗਾਰਡਨ ਵਿੱਚ ਗੁਲਾਬ ਦੇ ਫੁੱਲਾਂ ਦੀਆਂ ਲਗਪਗ 831 ਕਿਸਮਾਂ ਆਪਣੀ ਖੂਬਸੂਰਤੀ ਤੇ ਮਹਿਕ ਬਿਖੇਰ ਰਹੀਆਂ ਹਨ। ਰੋਜ਼ ਗਾਰਡਨ ਅਤੇ ਸੈਕਟਰ 17 ਅੰਡਰਪਾਸ ਵਿੱਚ ਖਾਣ- ਪੀਣ ਦੇ ਸਟਾਲ ਵੀ ਲਗਾਏ ਗਏ ਹਨ, ਜਿਥੇ ਸ਼ੌਕੀਨਾਂ ਨੇ ਵੱਖ ਵੱਖ ਵਿਅੰਜਨਾਂ ਦਾ ਸੁਆਦ ਚਖਿਆ। ਅੱਜ ਦੇ ਦਿਨ ਦੀ ਸ਼ੁਰੂਆਤ ਹਰਿਆਣਵੀ ਕਲਾਕਾਂਰਾਂ ਨੇ ਘੂਮਰ ਨਿ੍ਤ ਪੇਸ਼ ਕਰਕੇ ਕੀਤੀ। ਇਸ ਤੋਂ ਬਾਅਦ ਦਿੱਲੀ ਦੇ ਕਲਾਕਾਰਾਂ ਨੇ ਕਠਪੁਤਲੀ ਸ਼ੋਅ ਪੇਸ਼ ਕੀਤਾ। ਇਸਦੇ ਨਾਲ ਹੀ ਰਾਜਸਥਾਨ ਦੇ ਕਲਾਕਾਰਾਂ ਨੇ ਵੀ ਪ੍ਰੋਗਰਾਮ ਪੇਸ਼ ਕੀਤੇ। ਬਾਅਦ ਦੁਪਹਿਰ ਮਸ਼ਹੂਰ ਪੰਜਾਬੀ ਲੋਕ ਗਾਇਕ ਕਰਮਰਾਜ ਭਾਦੜਗੜ ਨੇ ਲੋਕ ਗੀਤ ਪੇਸ਼ ਕੀਤੇ ਅਤੇ ਸ਼ਾਮ ਚਾਰ ਵਜੇ ਵੀਣਾ ਜੋਗੀ ਡਾਂਸ ਨੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਸ਼ਾਮ ਸਮੇਂ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਲਾਈਵ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਪੇਸ਼ ਕੀਤੇ ਗਏ ਗੀਤਾਂ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਵਾਰ ਦਰਸ਼ਕਾਂ ‘ਚ ਇਸ ਗੁਲਾਬ ਮੇਲੇ ਨੂੰ ਲੈ ਕੇ ਖਾਸਾ ਚਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਰੋਨਾ ਕਾਰਨ ਪਿਛਲੇ ਦੋ ਸਾਲ ਤੋਂ ਗੁਲਾਬ ਮੇਲਾ ਸੰਕੇਤਕ ਤੌਰ ‘ਤੇ ਮਨਾਇਆ ਜਾ ਰਿਹਾ ਸੀ। ਲੇਕਿਨ ਇਸ ਵਾਰ ਮੇਲੇ ਨੂੰ ਜਨਤਕ ਤੌਰ ’ਤੇ ਮਨਾਏ ਜਾਣ ਨਾਲ ਲੋਕਾਂ ਵਿੱਚ ਖਾਸ ਜੋਸ਼ ਹੈ।
ਟ੍ਰਾਈਸਿਟੀ ਸਮੇਤ ਨੇੜੇ ਦੇ ਹੋਰਨਾਂ ਸ਼ਹਿਰਾਂ ਤੋਂ ਵੀ ਦਰਸ਼ਕ ਇਸ ਮੇਲੇ ਨੂੰ ਦੇਖਣ ਲਈ ਪੁੱਜ ਰਹੇ ਹਨ। ਦਰਸ਼ਕ ਰੋਜ਼ ਗਾਰਡਨ ਵਿੱਚ ਗੁਲਾਬ ਦੇ ਫੁੱਲਾਂ ਨਾਲ ਸੈਲਫੀਆਂ ਲੈਣ ਦੇ ਨਾਲ ਨਾਲ ਇਥੇ ਵੱਖ ਵੱਖ ਸੂਬਿਆਂ ਤੋਂ ਪੁੱਜੇ ਸਭਿਆਚਾਰਕ ਗਰੁੱਪਾਂ ਦੇ ਕਲਾਕਾਰਾਂ ਨਾਲ ਵੀ ਫੋਟੋਆਂ ਖਿਚਵਾ ਰਹੇ ਹਨ। ਇਸ ਤਿੰਨ ਦਿਨਾਂ ਮੇਲੇ ਦਾ ਐਤਵਾਰ ਨੂੰ ਅੰਤਿਮ ਦਿਨ ਹੈ। ਇਸ ਦਿਨ ਦੁਪਹਿਰ ਬਾਅਦ ਤਿੰਨ ਵਜੇ ਇਨਾਮ ਵੰਡ ਪ੍ਰੋਗਰਾਮ ਹੋਵੇਗਾ ਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ। ਸ਼ਾਮ ਨੂੰ ਸ਼ੂਫੀ ਨਾਈਟ ਦੇ ਨਾਲ ਹੀ ਮੇਲੇ ਦੀ ਸਮਾਪਤੀ ਹੋਵੇਗੀ।
ਮੀਂਹ ਨਾਲ ਪਾਰਾ ਡਿੱਗਿਆ
ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਅੱਜ ਤੜ੍ਹਕੇ ਹੋਈ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਅੱਜ ਘਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਾਲਾਂਕਿ ਤੜ੍ਹਕੇ ਹੋਈ ਬਾਰਿਸ਼ ਤੋਂ ਬਾਅਦ ਧੁੱਪ ਖਿੜ ਗਈ ਸੀ ਪਰ ਦੁਪਹਿਰ ਬਾਅਦ ਮੁੜ ਥੋੜ੍ਹੀ ਦੇਰ ਹੋਈ ਬਾਰਿਸ਼ ਦੇ ਛਰਾਟਿਆਂ ਤੋਂ ਬਾਅਦ ਪੂਰਾ ਦਿਨ ਬੱਦਲਵਾਈ ਰਹੀ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਵੀ ਅਸਮਾਨ ਉੱਤੇ ਬਾਦਲ ਛਾਏ ਰਹਿਣਗੇ।