ਪੱਤਰ ਪ੍ਰੇਰਕ
ਬਨੂੜ, 19 ਅਕਤੂਬਰ
ਖੇਤਰ ਵਿੱਚ ਜਾਂਸਲਾ ਅਤੇ ਹੋਰ ਥਾਵਾਂ ’ਤੇ ਆੜ੍ਹਤੀਆਂ ਵੱਲੋਂ ਨਿੱਜੀ ਤੌਰ ਉੱਤੇ ਚਲਾਈਆਂ ਜਾ ਰਹੀਆਂ ਸਬਜ਼ੀ ਮੰਡੀਆਂ ਦੇ ਮਾਮਲੇ ਸਬੰਧੀ ਅੱਜ ਮੁਹਾਲੀ ਦੀ ਐੱਸਡੀਐੱਮ ਅਤੇ ਮਾਰਕੀਟ ਕਮੇਟੀ ਬਨੂੜ ਦੀ ਪ੍ਰਸ਼ਾਸਕ ਸਰਬਜੀਤ ਕੌਰ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਨਿੱਜੀ ਮੰਡੀਆਂ ਚਲਾਉਣ ਵਾਲੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਲੇਖਾਕਾਰ ਗੁਰਮੀਤ ਸਿੰਘ, ਮੰਡੀ ਸੁਪਰਵਾਈਜ਼ਰ ਗੁਰਮੀਤ ਸਿੰਘ ਤੋਂ ਇਲਾਵਾ ਜਾਂਸਲਾ ਖੇਤਰ ਤੋਂ ਆਏ ਛੇ ਆੜ੍ਹਤੀ ਮੌਜੂਦ ਸਨ। ਇਸ ਮੌਕੇ ਐੱਸਡੀਐੱਮ ਨੇ ਗੈਰਕਾਨੂੰਨੀ ਤੌਰ ’ਤੇ ਚੱਲਦੀਆਂ ਸਬਜ਼ੀ ਮੰਡੀਆਂ ਨੂੰ ਬੰਦ ਕਰਕੇ ਬਨੂੜ ਵਿੱਚ ਮਾਰਕੀਟ ਕਮੇਟੀ ਦੇ ਪਿੱਛੇ ਮੌਜੂਦ ਸਬਜ਼ੀ ਮੰਡੀ ਦੀ ਥਾਂ ਵਿੱਚ ਮੰਡੀ ਚਲਾਉਣ ਲਈ ਆਖਿਆ। ਆੜ੍ਹਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਨੂੜ ਸਬਜ਼ੀ ਮੰਡੀ ਵਿੱਚ ਆਪਣੀਆਂ ਆੜ੍ਹਤਾਂ ਤਬਦੀਲ ਕਰਨ ਲਈ ਕੁੱਝ ਸਮਾਂ ਦਿੱਤਾ ਜਾਵੇ। ਐੱਸਡੀਐੱਮ ਨੇ ਮੀਟਿੰਗ ਵਿੱਚ ਮੌਜੂਦ ਆੜ੍ਹਤੀਆਂ ਨੂੰ ਮਾਰਕੀਟ ਕਮੇਟੀ ਬਨੂੜ ਦੀ ਬਕਾਇਆ ਪਈ ਮਾਰਕੀਟ ਫੀਸ ਵੀ ਤੁਰੰਤ ਜਮਾਂ ਕਰਾਉਣ ਲਈ ਆਖਿਆ। ਆੜ੍ਹਤੀਆਂ ਨੇ ਐੱਸਡੀਐੱਮ ਨੂੰ ਦੋਵੇਂ ਗੱਲਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ।