ਜਗਮੋਹਨ ਸਿੰਘ
ਘਨੌਲੀ, 21 ਦਸੰਬਰ
ਮਾਤਾ ਗੁਜਰੀ ਅਤੇ ਛੋਟੇ ਸਾਹਬਜ਼ਾਦਿਆਂ ਦੇ ਆਪਣੇ ਪਰਿਵਾਰ ਤੋਂ ਵਿਛੜਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਿੰਡ ਕੋਟਬਾਲਾ ਅਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਚੱਕ ਢੇਰਾ ਤੱਕ ਪੈਦਲ ਸਫਰ ਏ ਸ਼ਹਾਦਤ ਮਾਰਚ ਕੱਢਿਆ ਗਿਆ। ਇਹ ਪੈਦਲ ਮਾਰਚ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਾਜਰੀ ਗੁੱਜਰਾਂ, ਕੋਟਬਾਲਾ, ਆਸਪੁਰ , ਰਣਜੀਤਪੁਰਾ ਤੇ ਫੰਦੀ ਪਿੰਡਾਂ ਤੋਂ ਹੁੰਦਾ ਹੋਇਆ ਬਾਅਦ ਦੁਪਹਿਰ ਯਾਦਗਾਰ ਛੰਨ ਕੁੰਮਾ ਮਾਸ਼ਕੀ ਚੱਕ ਢੇਰਾ ਪੁੱਜ ਕੇ ਸਮਾਪਤ ਹੋਇਆ। ਇਸ ਪੈਦਲ ਮਾਰਚ ਵਿੱਚ ਵੱਡੀ ਗਿਣਤੀ ਸੰਗਤਾਂ ਵੈਰਾਗਮਈ ਸ਼ਬਦ ਗਾਇਨ ਕਰਦੀਆਂ ਹੋਈਆਂ ਪਾਲਕੀ ਸਾਹਿਬ ਦੇ ਪਿੱਛੇ ਚੱਲ ਰਹੀਆਂ ਸਨ ਅਤੇ ਬਹੁਤ ਸਾਰੇ ਸ਼ਰਧਾਲੂਆਂ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਕਿਰ ਰਹੇ ਸਨ। ਸ਼ਰਧਾਲੂਆਂ ਨੇ ਜਿੱਥੇ ਕਈ ਕਿਲੋਮੀਟਰ ਪੈਂਡਾ ਪੈਦਲ ਤਹਿ ਕੀਤਾ, ਉੱਥੇ ਹੀ ਸਿਰਸਾ ਨਦੀ ਦੇ ਠੰਢੇ ਪਾਣੀ ਨੂੰ ਵੀ ਪੈਦਲ ਹੀ ਪਾਰ ਕੀਤਾ।
ਇਸ ਪੈਦਲ ਮਾਰਚ ਵਿੱਚ ਭਾਈ ਅਮਰਜੀਤ ਸਿੰਘ ਫੌਜੀ ਕੋਟਬਾਲਾ, ਹਰਬੰਸ ਸਿੰਘ, ਗਿਆਨੀ ਸੁਖਵਿੰਦਰ ਸਿੰਘ ਤੇ ਵੱਡੀ ਗਿਣਤੀ ਵਿੱਚ ਮੋਹਤਬਰ ਹਾਜ਼ਰ ਸਨ। ਯਾਦਗਾਰ ਛੰਨ ਕੁੰਮਾ ਮਾਸ਼ਕੀ ਚੱਕ ਢੇਰਾ ਪੁੱਜਣ ’ਤੇ ਭਾਈ ਸੁਰਿੰਦਰ ਸਿੰਘ ਖਜ਼ੂਰਲਾ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪੈਦਲ ਮਾਰਚ ਦਾ ਸਵਾਗਤ ਕੀਤਾ।
ਸ੍ਰੀ ਆਨੰਦਪੁਰ ਸਾਹਿਬ ਤੋਂ ਅਲੌਕਿਕ ਦਸਮੇਸ਼ ਪੈਦਲ ਮਾਰਚ ਰਵਾਨਾ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਛੇ ਅਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਅਨੰਦਾ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਸਦਾ ਲਈ ਅਲਵਿਦਾ ਆਖਿਆ ਸੀ। ਉਨ੍ਹਾਂ ਵੈਰਾਗਮਈ ਪਲਾਂ ਨੂੰ ਰੂਪਮਾਨ ਕਰਦਾ ਅਲੌਕਿਕ ਦਸਮੇਸ਼ ਪੈਦਲ ਮਾਰਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਲਾ ਆਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਜੋ ਦਸਮੇਸ਼ ਪੈਦਲ ਮਾਰਚ ਕਿਲਾ ਆਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਿਆ ਜਿਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਗੁਰਦੁਆਰਾ ਮੈਹਦੀਆਣਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੁੰਦਾ ਹੈ।