ਪੀ.ਪੀ. ਵਰਮਾ
ਪੰਚਕੁਲਾ, 26 ਅਕਤੂਬਰ
ਬਰਵਾਲਾ ਦੀ ਦੇਵ ਕਲੋਨੀ ਵਿੱਚ ਇੱਕ ਸਾਧੂ ਨੇ ਔਰਤ ਦੇ ਸਿਰ ’ਚ ਕੁਹਾੜੀ ਮਾਰ ਕੇ ਉਸ ਨੂੰ ਫੱਟੜ ਕਰ ਦਿੱਤਾ। ਪੀੜਤ ਔਰਤ ਦੇ ਪਤੀ ਨੇ ਪੁਲੀਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਮੁਲਜ਼ਮ ਸਾਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਜ਼ਖ਼ਮੀ ਹੋਈ ਔਰਤ ਦਾ ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਾਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਈ ਹਨ। ਪੀੜਤ ਔਰਤ ਦੇ ਪਤੀ ਪ੍ਰਦੀਪ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬਲਾਕ ਬਰਵਾਲਾ ਦੀ ਦੇਵ ਕਲੋਨੀ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਘਰ ਦੇ ਸਾਹਮਣੇ ਇੱਕ ਸਾਧੂ ਗੰਗਾ ਸਾਗਰ ਆਸ਼ਰਮ ਬਣਾ ਕੇ ਰਹਿੰਦਾ ਹੈ। ਉਹ ਝਾੜ-ਫੂਕ ਕਰਦਾ ਹੈ। ਲੰਘੇ ਦਿਨ ਸ਼ਾਮ ਨੂੰ ਜਦੋਂ ਉਸ ਦੀ ਪਤਨੀ ਸਾਈਂ ਮੰਦਰ ਤੋਂ ਕੀਰਤਨ ਸੁਣ ਕੇ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਸਾਧੂ ਨੇ ਉਸ ਨੂੰ ਕਿਹਾ ਕਿ ਊਸ ਨੇ ਆਸ਼ਰਮ ਵਿੱਚੋਂ ਕੱਪੜੇ ਧੋਣ ਵਾਲੇ ਪਾਊਡਰ ਦਾ ਪੈਕੇਟ ਚੋਰੀ ਕੀਤਾ ਹੈ। ਔਰਤ ਦੇ ਇਨਕਾਰ ਕਰਨ ’ਤੇ ਸਾਧੂ ਊਸ ਨਾਲ ਝਗੜਾ ਕਰਨ ਲੱਗਿਆ ਅਤੇ ਊਸ ਨੇ ਸ਼ਿਕਾਇਤਕਰਤਾ ਦੀ ਪਤਨੀ ਦੇ ਸਿਰ ’ਚ ਕੁਹਾੜੀ ਮਾਰ ਕੇ ਊਸ ਨੂੰ ਫੱਟੜ ਕਰ ਦਿੱਤਾ। ਕੁਹਾੜੀ ਲੱਗਣ ਕਾਰਨ ਊਸ ਦੀ ਪਤਨੀ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਗਈ। ਉਸ ਨੂੰ ਤੁਰੰਤ ਪੰਚਕੂਲਾ ਦੇ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਘਟਨਾ ਸਬੰਧੀ ਸੂਚਨਾ ਮਿਲਦੇ ਹੀ ਬਰਵਾਲਾ ਪੁਲੀਸ ਚੌਕੀ ਦੇ ਇੰਚਾਰਜ ਰਾਜਬੀਰ ਸਿੰਘ ਦੀ ਅਗਵਾਈ ਹੇਠਲੀ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ। ਉਨ੍ਹਾਂ ਮੁਲਜ਼ਮ ਸਾਧੂ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।