ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 1 ਅਕਤੂਬਰ
ਇੱਥੋਂ ਦੇ ਸੈਕਟਰ-70 ਵਿੱਚ ਸਚਦੇਵਾ ਸੁਪਰ ਮਾਰਟ ਕਰਿਆਨੇ ਦੀ ਦੁਕਾਨ ਦੇ ਮਾਲਕ ਵਿਜੈ ਸਚਦੇਵਾ ’ਤੇ ਅੱਜ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਨਕਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਵਿਜੈ ਸਚਦੇਵਾ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ। ਰੌਲਾ ਪਾਉਣ ’ਤੇ ਜਦੋਂ ਆਸਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਵਿਜੈ ਸਚਦੇਵਾ ਦੇ ਛੋਟੇ ਭਰਾ ਲਲਿਤ ਸਚਦੇਵਾ ਨੇ ਦੱਸਿਆ ਕਿ ਉਹ ਅੱਜ ਕਰੀਬ ਦੁਪਹਿਰ 12 ਵਜੇ ਦੁਕਾਨ ’ਤੇ ਆਏ ਸਨ ਅਤੇ ਉਨ੍ਹਾਂ ਦੇ ਵੱਡੇ ਭਰਾ ਦੁਕਾਨ ਦੇ ਪਿਛਲੇ ਪਾਸੇ ਸਥਿਤ ਘਰ ਜਾਣ ਲਈ ਪੈਦਲ ਹੀ ਨਿਕਲੇ ਸਨ। ਉਨ੍ਹਾਂ ਦੱਸਿਆ ਕਿ ਰਾਹ ਵਿੱਚ ਕੁੱਝ ਨੌਜਵਾਨਾਂ ਨੇ ਉਸ ਦੇ ਭਰਾ ਨੂੰ ਰੋਕ ਕੇ ਟਾਈਮ ਪੁੱਛਿਆ, ਜਿਵੇਂ ਹੀ ਸਚਦੇਵਾ ਟਾਈਮ ਦੱਸਣ ਲੱਗਿਆ ਤਾਂ ਨੌਜਵਾਨਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਮਟੌਰ ਥਾਣਾ ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਨੇ ਕਿਹਾ ਕਿ ਪੁਲੀਸ ਵੱਲੋਂ ਵਾਰਦਾਤ ਵਾਲੀ ਥਾਂ ਅਤੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।