ਕਰਮਜੀਤ ਸਿੰਘ ਚਿੱਲਾ
ਬਨੂੜ, 17 ਦਸੰਬਰ
ਮੰਡੀ ਬੋਰਡ ਵੱਲੋਂ ਪਿੰਡ ਦੈੜੀ ਤੋਂ ਖੇੜਾ ਗੱਜੂ ਤੱਕ ਦਸ ਫ਼ੁੱਟ ਤੋਂ ਚੌੜੀ ਕਰਕੇ ਅਠਾਰਾਂ ਫੁੱਟ ਬਣਾਈ ਸੜਕ ਦੇ ਪਿੰਡ ਨਗਾਰੀ ਵਾਲੇ ਟੋਟੇ ਵਿੱਚ ਬੀਤੀ ਸ਼ਾਮ ਪਾਈ ਪ੍ਰੀਮਿਕਸ ਸਵੇਰ ਹੁੰਦਿਆਂ ਸਾਰ ਹੀ ਉੱਖੜ ਗਈ। ਅੱਧਾ ਕਿਲੋਮੀਟਰ ਦੇ ਕਰੀਬ ਟੋਟੇ ਉੱਤੇ ਪਿੰਡ ਵਾਸੀਆਂ ਅਤੇ ਹੋਰ ਰਾਹਗੀਰਾਂ ਨੇ ਉੱਖੜੀ ਹੋਈ ਬਜਰੀ ਦੀਆਂ ਹੱਥਾਂ ਵਿੱਚ ਮੁੱਠੀਆਂ ਭਰਕੇ ਅਤੇ ਪੈਰਾਂ ਨਾਲ ਬਜਰੀ ਇਕੱਠੀ ਕਰਕੇ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀਆਂ।
ਪਿੰਡ ਨਗਾਰੀ ਦੇ ਤਰਕਸ਼ੀਲ ਆਗੂ ਕੁਲਵਿੰਦਰ ਨਗਾਰੀ, ਮਹਿੰਦਰ ਸਿੰਘ, ਛੱਜੂ ਸਿੰਘ, ਜੰਗ ਸਿੰਘ, ਹਰਮੀਤ ਸਿੰਘ, ਮਨਜੀਤ ਸਿੰਘ, ਗੁਰਿੰਦਰ ਸਿੰਘ, ਪਵਨ ਕੁਮਾਰ, ਦਲਵੀਰ ਸਿੰਘ ਤੇ ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਨਗਾਰੀ ਪਿੰਡ ਵਿੱਚ ਵੜਦੀ ਸੜਕ ਤੋਂ ਲੈ ਕੇ ਪਿੰਡ ਦੇ ਗੁਰਦੁਆਰੇ ਤੱਕ ਬੀਤੀ ਸ਼ਾਮ ਪ੍ਰੀਮਿਕਸ ਪਾਈ ਗਈ ਸੀ। ਹਨੇਰੇ ਵਿੱਚ ਬਣਾਈ ਸੜਕ ਉੱਤੇ ਜਦੋਂ ਸਵੇਰੇ ਪਿੰਡ ਵਾਸੀ ਲੰਘਣ ਲੱਗੇ ਤਾਂ ਇਹ ਪੈਰਾਂ ਨਾਲ ਹੀ ਉੱਖੜਨੀ ਆਰੰਭ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰੀਮਿਕਸ ਬਿਲਕੁੱਲ ਠੰਢੀ ਸੀ ਅਤੇ ਇਸ ਵਿੱਚ ਲੁੱਕ ਦੀ ਮਾਤਰਾ ਵੀ ਨਾਮਾਤਰ ਸੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਰਾਈ ਜਾਵੇ।
ਆਮ ਆਦਮੀ ਪਾਰਟੀ ਦੇ ਵਿਨੀਤ ਵਰਮਾ ਨੇ ਵੀ ਇਸ ਸਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਫੋਨ ਉੱਤੇ ਜਾਣੂ ਕਰਾਇਆ। ਇਸ ਮਗਰੋਂ ਮੰਡੀਬੋਰਡ ਦੇ ਐਕਸੀਅਨ ਰਾਜੇਸ਼ ਸ਼ਰਮਾ ਤੇ ਐੱਸਡੀਓ ਜਸਵਿੰਦਰ ਸਿੰਘ, ਜੇਈ ਅਮਰਵੀਰ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਸੜਕ ਬਣਾ ਰਹੇ ਠੇਕੇਦਾਰ ਕੋਲੋਂ ਖਰਾਬ ਹੋਈ ਸੜਕ ਦਾ ਸਾਰਾ ਮਟੀਰੀਅਲ ਇਕੱਠਾ ਕਰਾਇਆ ਅਤੇ ਨਵੇਂ ਸਿਰਿਉਂ ਮੁੜ ਪ੍ਰੀਮਿਕਸ ਵਿਛਾ ਕੇ ਸੜਕ ਠੀਕ ਕਰਵਾਈ।
ਗੱਡੀ ਖਰਾਬ ਹੋਣ ਕਾਰਨ ਠੰਢੀ ਹੋ ਗਈ ਸੀ ਪ੍ਰੀਮਿਕਸ; ਐਕਸੀਅਨ
ਮੰਡੀ ਬੋਰਡ ਦੇ ਐਕਸੀਅਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਸ਼ਾਮੀਂ ਪ੍ਰੀਮਿਕਸ ਲਿਆ ਰਿਹਾ ਟਿੱਪਰ ਖਰਾਬ ਹੋ ਗਿਆ ਸੀ, ਜਿਸ ਕਾਰਨ ਪ੍ਰੀਮਿਕਸ ਠੰਢਾ ਹੋ ਗਿਆ। ਉਨ੍ਹਾਂ ਕਿਹਾ ਕਿ ਠੰਢ ਕਾਰਨ ਪ੍ਰੀਮਿਕਸ ਪਕੜ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਮੌਕੇ ਉੱਤੇ ਖੜ੍ਹ ਕੇ ਖਰਾਬ ਹੋਏ ਟੋਟੇ ਉੱਤੇ ਨਵੇਂ ਸਿਰਿਉਂ ਪ੍ਰੀਮਿਕਸ ਪੁਆ ਦਿੱਤਾ ਹੈ ਤੇ ਪਿੰਡ ਵਾਸੀਆਂ ਦੀ ਤਸੱਲੀ ਹੋ ਗਈ ਹੈ।