ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਸਤੰਬਰ
ਚੰਡੀਗੜ੍ਹ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਮੁਕੰਮਲ ਨਹੀਂ ਹੋਏ ਵੱਡੀ ਗਿਣਤੀ ਵਿਦਿਆਰਥੀ ਇਸ ਜਮਾਤ ਵਿਚ ਦਾਖਲੇ ਤੋਂ ਵਾਂਝੇ ਹਨ ਜਿਸ ਕਰ ਕੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅੱਜ ਗਿਆਰ੍ਹਵੀਂ ਜਮਾਤ ਵਿਚ ਦਾਖਲਿਆਂ ਲਈ ਰਜਿਸਟਰੇਸ਼ਨ ਦੀ ਅੰਤਿਮ ਮਿਤੀ 15 ਅਕਤੂਬਰ ਤਕ ਵਧਾ ਦਿੱਤੀ ਹੈ। ਇਹ ਮਿਤੀ ਸਿਰਫ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਹੀ ਵਧਾਈ ਗਈ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਿੱਖਿਆ ਅਧਿਕਾਰੀਆਂ ਨੇ ਸੀਬੀਐੱਸਈ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਵੇਲੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਦਾ ਅਮਲ ਚਲ ਰਿਹਾ ਹੈ ਤੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਹਾਲੇ ਵੀ ਦਾਖਲਾ ਨਹੀਂ ਮਿਲਿਆ। ਇਸ ਕਰ ਕੇ ਗਿਆਰ੍ਹਵੀਂ ਜਮਾਤ ਲਈ ਰਜਿਸਟਰੇਸ਼ਨ ਦੀ ਅੰਤਿਮ ਮਿਤੀ 31 ਅਕਤੂਬਰ ਤਕ ਵਧਾਈ ਜਾਵੇ।
ਇਹ ਵੀ ਪਤਾ ਲੱਗਾ ਹੈ ਕਿ ਅੱਜ ਸੀਬੀਐੱਸਈ ਦੇ ਸੰਯੁਕਤ ਸਕੱਤਰ ਕਰਨੈਲ ਸਿੰਘ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ। ਇਹ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਦੇ ਸਿੱਖਿਆ ਅਧਿਕਾਰੀਆਂ ਨੇ ਗਿਆਰ੍ਹਵੀਂ ਜਮਾਤ ਲਈ ਤੀਜੀ ਕਾਊਂਸਲਿੰਗ ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਹਾਲੇ ਵੀ ਵਿਦਿਆਰਥੀਆਂ ਨੂੰ ਉਕਤ ਜਮਾਤ ਵਿਚ ਦਾਖਲਾ ਨਹੀਂ ਮਿਲਿਆ ਤੇ ਇਹ ਸਮੱਸਿਆ ਬੋਰਡ ਦੇ ਅਧਿਕਾਰੀਆਂ ਨੂੰ ਦੱਸੀ ਗਈ ਜਿਨ੍ਹਾਂ ਇਸ ਦਾ ਹੱਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 6 ਜਾਂ 7 ਅਕਤੂਬਰ ਨੂੰ ਤੀਜੀ ਕਾਊਂਸਲਿੰਗ ਦਾ ਅਮਲ ਸ਼ੁਰੂ ਹੋਵੇਗਾ।