ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 23 ਜਨਵਰੀ
ਲਗਾਤਾਰ ਪੈ ਰਹੀ ਬਰਸਾਤ ਨੇ ਜ਼ੀਰਕਪੁਰ ਅਤੇ ਡੇਰਾਬੱਸੀ ਦੀਆਂ ਸੜਕਾਂ ਦੀ ਹਾਲਤ ਹੋਰ ਖਸਤਾ ਕਰ ਦਿੱਤੀ ਹੈ। ਜਿੱਥੇ ਜ਼ੀਰਕੁਪਰ-ਕਾਲਕਾ ਸੜਕ ’ਤੇ ਮੀਂਹ ਦਾ ਪਾਣੀ ਖੜ੍ਹ ਜਾਂਦਾ ਹੈ, ਉਥੇ ਹੀ ਡੇਰਾਬੱਸੀ ਦੀ ਬਰਵਾਲਾ ਰੋਡ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ। ਇਸ ਸੜਕ ’ਤੇ ਪਏ ਟੋਇਆਂ ਵਿੱਚ ਡਿੱਗ ਕੇ ਰੋਜ਼ਾਨਾ ਵਾਹਨ ਨੁਕਸਾਨੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਨੂੰ ਡੇਰਾਬੱਸੀ ਰਾਹੀਂ ਹਰਿਆਣਾ ਦੇ ਬਰਵਾਲਾ ਨਾਲ ਜੋੜਨ ਵਾਲੀ ਇਹ ਅਹਿਮ ਸੜਕ ਹੈ। ਇਸ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਪਰ ਸੜਕ ਦੀ ਹਾਲਤ ਲੰਮੇ ਸਮੇ ਤੋਂ ਕਾਫੀ ਖਸਤਾ ਬਣੀ ਹੋਈ ਹੈ। ਸੜਕ ’ਤੇ ਥਾਂ-ਥਾਂ ਵੱਡੇ ਵੱਡੇ ਟੋਏ ਪਏ ਹਨ ਜਿਥੇ ਰੋਜ਼ਾਨਾ ਡਿੱਗ ਕੇ ਵਾਹਨ ਹਾਦਸੇ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਇਸ ਸੜਕ ’ਤੇ ਪਿੰਡ ਸੈਦਪੁਰਾ ਕੋਲ ਪਾਵਰਕੌਮ ਦੇ ਬਿਜਲੀ ਘਰ ਦੇ ਸਾਹਮਣੇ ਅਤੇ ਹੋਰ ਥਾਂ ਐਨੇ ਵੱਡੇ ਵੱਡੇ ਟੋਏ ਪਏ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ ਸੜਕ ਦੇ ਕੰਢੇ ਵੀ ਮੀਂਹ ਨਾਲ ਵੱਡੇ ਵੱਡੇ ਖੱਡੇ ਪੈ ਗਏ ਹਨ ਜਿਥੇ ਡਿੱਗ ਕੇ ਰੋਜ਼ਾਨਾ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਡੇਰਾਬੱਸੀ ਵਿੱਚ ਸੜਕ ਦੇ ਕੰਢੇ ਪਏ ਖੱਡੇ ਕਾਰਨ ਲੰਘੇ ਦਿਨਾਂ ਤੋਂ ਦਰਜਨਾਂ ਵਾਹਨ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਮੀਂਹ ਕਾਰਨ ਸੜਕ ’ਤੇ ਪਏ ਖੱਡਿਆਂ ਵਿੱਚ ਪਾਣੀ ਭਰਨ ਕਾਰਨ ਇਹ ਦਿਖਾਈ ਨਹੀਂ ਦੇ ਰਹੇ ਹਨ ਜੋ ਹੋਰ ਵੀ ਖਤਰਨਾਕ ਹੋ ਗਏ ਹਨ। ਅੱਜ ਸਾਰਾ ਦਿਨ ਇਨ੍ਹਾਂ ਖੱਡਿਆਂ ਵਿੱਚ ਵਾਹਨ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੁੰਦੇ ਰਹੇ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ। ਗੱਲ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਕਿਹਾ ਕਿ ਮੀਂਹ ਰੁਕਣ ਮਗਰੋਂ ਇਨ੍ਹਾਂ ਦੀ ਮੁਰੰਮਤ ਕਰਵਾਈ ਜਾਵੇਗੀ।