ਪੱਤਰ ਪ੍ਰੇਰਕ
ਮੋਰਿੰਡਾ, 25 ਮਈ
ਸ਼ਹਿਰ ਦੇ ਇੱਕ ਬਰਤਨ ਵਪਾਰੀ ਵੱਲੋਂ ਬਣਾਏ ਜਾ ਰਹੇ ਨਵੇਂ ਸ਼ੋਅ ਰੂਮ ਵਿੱਚ ਲਗਾਈ ਗਈ ਓਪਨ ਲਿਫਟ ਤੇ ਸ਼ੋਅ ਰੂਮ ਦੀ ਛੱਤ ਵਿਚਾਲੇ ਇੱਕ ਪਰਵਾਸੀ ਮਜ਼ਦੂਰ ਦਾ ਸਿਰ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਗੁਰਦੁਆਰਾ ਬਾਜ਼ਾਰ ਵਿੱਚ ਬਰਤਨ ਵੇਚਣ ਦਾ ਕੰਮ ਕਰ ਰਹੇ ਦੁਕਾਨਦਾਰ ਵੱਲੋਂ ਸ਼ੋਅ ਰੂਮ ਨੂੰ ਆਕਰਸ਼ਕ ਦਿੱਖ ਪ੍ਰਦਾਨ ਕਰਨ ਲਈ 3-4 ਪਰਵਾਸੀ ਮਜ਼ਦੂਰਾਂ ਕੋਲੋਂ ਕੰਮ ਕਰਵਾਇਆ ਜਾ ਰਿਹਾ ਸੀ। ਇੰਸਪੈਕਟਰ ਸੁਨੀਲ ਕੁਮਾਰ ਐੱਸਐੱਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਅਵਿਨਾਸ਼ (19 ਸਾਲ) ਓਪਨ ਲਿਫਟ ਰਾਹੀਂ ਕਿਸੇ ਸਾਮਾਨ ਨੂੰ ਉਪਰਲੀ ਮੰਜ਼ਿਲ ’ਤੇ ਰੱਖਣ ਲਈ ਗਿਆ, ਜਿਸ ਦੌਰਾਨ ਉਸ ਦੀ ਗਰਦਨ ਸ਼ੋਅਰੂਮ ਦੀ ਛੱਤ ਅਤੇ ਲਿਫਟ ਦੇ ਬੈੱਡ ਵਿਚਕਾਰ ਆ ਗਈ, ਸਾਹ ਘੁੱਟਣ ਕਾਰਨ ਤੇ ਜ਼ਿਆਦਾ ਲਹੂ ਵਹਿਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।