ਆਤਿਸ਼ ਗੁਪਤਾ
ਚੰਡੀਗੜ੍ਹ, 14 ਸਤੰਬਰ
ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਅੱਜ ਸ਼ਾਮ ਸਮੇਂ ਸਮੇਂ ਪਏ ਭਰਵੇਂ ਮੀਂਹ ਨੇ ਲੋਕਾਂ ਨੂੰ ਇੱਕ ਮਹੀਨੇ ਤੋਂ ਲਗਾਤਾਰ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਮੀਂਹ ਨਾਲ ਲੋਕਾਂ ਨੇ ਗਰਮੀ ਅਤੇ ਹੁੰਮਸ ਤੋਂ ਰਾਹਤ ਮਹਿਸੂਸ ਕੀਤੀ ਹੈ। ਬੁੱਧਵਾਰ ਨੂੰ ਸਵੇਰ ਸਮੇਂ ਹੋਈ ਕਿਣਮਿਣ ਤੋਂ ਬਾਅਦ ਦਿਨ ਭਰ ਸ਼ਹਿਰ ਵਿੱਚ ਬੱਦਲਵਾਈ ਰਹੀ ਅਤੇ ਸ਼ਾਮ ਸਮੇਂ ਭਾਰੀ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਪਾਣੀ ਵਿੱਚ ਡੁਬੋ ਦਿੱਤਾ। ਰਾਹਗੀਰਾਂ ਨੇ ਮੌਸਮ ਦਾ ਆਨੰਦ ਤਾਂ ਮਾਣਿਆ ਪਰ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਭਾਗ ਵੱਲੋਂ 15 ਤੋਂ 18 ਸਤੰਬਰ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਟ੍ਰਾਈਸਿਟੀ ਵਿੱਚ ਮਾਮੂਲੀ ਕਿਣਮਿਣ ਹੋਈ ਜਦੋਂਕਿ ਬਾਅਦ ਦੁਪਹਿਰ ਭਾਰੀ ਮੀਂਹ ਪਿਆ। ਬੁੱਧਵਾਰ ਰਾਤ ਤੱਕ ਚੰਡੀਗੜ੍ਹ ’ਚ 13.7 ਐੱਮਐੱਮ, ਮੁਹਾਲੀ ਅਤੇ ਪੰਚਕੂਲਾ ’ਚ 12.5 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੁਹਾਲੀ ’ਚ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.5 ਡਿਗਰੀ ਸੈਲਸੀਅਸ ਅਤੇ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਵਿੱਚ ਸਵੇਰ ਤੋਂ ਬੱਦਲਵਾਈ ਰਹਿਣ ਕਰਕੇ ਮੌਸਮ ਖੁਸ਼ਗਵਾਰ ਰਿਹਾ।
ਸ਼ਾਮ ਸਮੇਂ ਇੱਕਦਮ ਤੇਜ਼ ਮੀਂਹ ਪੈਣ ਕਰਕੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਮੌਸਮ ਦਾ ਆਨੰਦ ਮਾਣਨ ਲਈ ਲੋਕਾਂ ਦੀ ਭੀੜ ਲੱਗ ਗਈ। ਰਾਤ ਨੂੰ ਮੀਂਹ ਰੁਕਣ ਤੋਂ ਬਾਅਦ ਵੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਰਹੀਆਂ।