ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 15 ਸਤੰਬਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਗ੍ਰੈਜ਼ੂਏਸ਼ਨ ਕਰ ਰਹੇ ਕ੍ਰਿਕਟ ਖਿਡਾਰੀ ਮੋਹਿਤ ਕੁਮਾਰ ਮੋਤੀ ਵਿੱਚ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਦੇ ਸਿਰ ’ਤੇ ਕੁੱਝ ਕਰ ਦਿਖਾਉਣ ਦੀ ਪੂਰੀ ਸੰਭਾਵਨਾ ਮੌਜੂਦ ਹੈ। ਪਿਤਾ ਸੰਜੀਵ ਕੁਮਾਰ ਅਤੇ ਮਾਤਾ ਅਰਚਨਾ ਰਾਣੀ ਦੇ ਘਰ ਜਨਮੇ ਇਸ ਨੌਜਵਾਨ ਨੇ ਛੇਵੀਂ ਤੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਹੈ। ਸਕੂਲੀ ਪੜ੍ਹਾਈ ਦੌਰਾਨ ਹਰਫ਼ਨਮੌਲਾ ਕ੍ਰਿਕਟਰ ਨੇ ਅੰਡਰ-17 ਵਰਗ ਵਿੱਚ ਜ਼ਿਲ੍ਹੇ ਵਿੱਚ ਆਪਣੀ ਧਾਕ ਜਮਾ ਲਈ, ਜਿਸ ਕਾਰਨ ਸਟੇਟ ਖੇਡਣ ਲਈ ਚੁਣਿਆ ਗਿਆ। ਇਸ ਤੋਂ ਬਾਅਦ ਅੰਡਰ-19 ਵਰਗ ਵਿੱਚ ਨੰਗਲ ਵਿਖੇ ਹੋਇਆ ਸਟੇਟ ਪੱਧਰੀ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੁਣ ਵੀ ਉਹ ਵੱਖ ਵੱਖ ਕ੍ਰਿਕਟ ਟੂਰਨਾਮੈਂਟਾਂ ਦਾ ਸ਼ਿੰਗਾਰ ਬਣਦਾ ਆ ਰਿਹਾ ਹੈ। ਕ੍ਰਿਕਟ ਤੋਂ ਇਲਾਵਾ ਸਾਲ 2019 ਵਿੱਚ ਸੂਬਾ ਪੱਧਰੀ ਰੋਇੰਗ ਮੁਕਾਬਲਿਆਂ ਦੌਰਾਨ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ। ਉਸ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਆ ਗਿਆ ਹੈ। ਇਸ ਖਿਡਾਰੀ ਤੋਂ ਪੰਜਾਬ ਕ੍ਰਿਕਟ ਨੂੰ ਬਹੁਤ ਉਮੀਦਾਂ ਹਨ।