ਮਿਹਰ ਸਿੰਘ
ਕੁਰਾਲੀ, 31 ਅਗਸਤ
ਸਹੂਲਤਾਂ ਪੱਖੋਂ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਹੋ ਚੁੱਕੇ ਬਲਾਕ ਮਾਜਰੀ ਦੇ ਪਿੰਡ ਨੱਗਲ ਗੜ੍ਹੀਆਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਲਈ ਤਰਸਣਾ ਪੈ ਰਿਹਾ ਹੈ। ਕਰੀਬ ਇੱਕ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਗਰਮੀ ਦੇ ਮੌਸਮ ਵਿੱਚ ਪਿੰਡ ਵਾਸੀ ਸਿੰਜਾਈ ਵਾਲੀਆਂ ਮੋਟਰਾਂ ਅਤੇ ਕਿਰਾਏ ਦੇ ਟੈਂਕਰਾਂ ’ਤੇ ਨਿਰਭਰ ਹਨ।
ਪਿੰਡ ਵਾਸੀ ਭਾਗ ਸਿੰਘ, ਜਰਨੈਲ ਸਿੰਘ, ਦਿਲਬਾਗ ਸਿੰਘ, ਅਮਨਦੀਪ ਸਿੰਘ, ਕੇਸਰ ਸਿੰਘ, ਸੁਖਵਿੰਦਰ ਕੌਰ ਅਤੇ ਹੋਰਾਂ ਨੇ ਸਮੱਸਿਆ ਸਬੰਧੀ ਦੱਸਿਆ ਕਿ ਪਿੰਡ ਵਾਸੀਆਂ ਨੂੰ ਪਿਛਲੇ ਲੰਮੇਂ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਕੋਲ ਇਹ ਮਾਮਲਾ ਕਈ ਵਾਰ ਉਭਾਰ ਚੁੱਕੇ ਹਨ ਪਰ ਕੋਈ ਢੁੱਕਵਾਂ ਹੱਲ ਨਹੀਂ ਹੋਇਆ।
ਉਨ੍ਹਾਂ ਕਿਹਾ ਸਬੰਧਤ ਮਹਿਕਮੇ ਦੇ ਕੈਬਨਿਟ ਮੰਤਰੀ ਦੇ ਪੀਏ ਨਾਲ ਫੋਨ ’ਤੇ ਗੱਲ ਕੀਤੀ ਹੈ, ਜਿਨ੍ਹਾਂ ਨੇ ਇਸ ਮਸਲੇ ਦਾ ਜਲਦੀ ਹੱਲ ਕਰਵਾਉਣ ਦਾ ਦਿਲਾਸਾ ਦਿੱਤਾ ਸੀ ਪਰ ਸਮੱਸਿਆ ਜਿਉਂ ਦੀ ਤਿਉਂ ਹੈ।
ਸਰਪੰਚ ਸਵਰਨ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚਾ ਚੁੱਕੇ ਹਨ। ਜਲਘਰ ਦੇ ਟਿਊਬਵੈੱਲ ਅਪਰੇਟਰ ਨੇ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਾਣੀ ਦਾ ਪੱਧਰ ਨੀਵਾਂ ਹੋ ਜਾਣ ਅਤੇ ਇੱਥ ਬੋਰ ਪੁਰਾਣਾ ਹੋਣ ਕਾਰਨ ਸਮੱਸਿਆ ਪੈਦਾ ਹੋਈ ਹੈ। ਪਿੰਡ ਵਾਸੀਆਂ ਨੇ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ ਕਰਦਿਆਂ ਸੰਘਰਸ਼ ਕਰਨ ਅਤੇ ਸੜਕਾਂ ’ਤੇ ਉਤਰਨ ਦਾ ਐਲਾਨ ਕੀਤਾ ਹੈ।