ਹਰਜੀਤ ਸਿੰਘ
ਡੇਰਾਬੱਸੀ, 13 ਅਗਸਤ
ਪਿੰਡ ਮੀਰਪੁਰ ਦੇ ਵਸਨੀਕ ਗਰਮੀ ਵਿੱਚ ਬਿਨਾਂ ਬਿਜਲੀ ਤੇ ਪਾਣੀ ਤੋਂ ਸਮਾਂ ਲੰਘਾਉਣ ਲਈ ਮਜਬੂਰ ਹਨ। ਪਿੰਡ ਵਿੱਚ ਲੰਬੇ ਸਮੇਂ ਤੋਂ ਬਿਜਲੀ ਤੇ ਪਾਣੀ ਦੀ ਕਿੱਲਤ ਬਣੀ ਹੋਈ ਹੈ ਜਿਸ ਸਬੰਧੀ ਸ਼ਿਕਾਇਤਾਂ ਕਰਨ ’ਤੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ। ਇਸ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਅੱਜ ਪੰਜਾਬ ਸਰਕਾਰ, ਪਾਵਰਕੌਮ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਵੀ ਕੀਤਾ।
ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਇਸ ਪਿੰਡ ਨੂੰ ਨਗਰ ਕੌਂਸਲ ਵਿੱਚ ਵਿੱਚ ਸ਼ਾਮਲ ਹੋਏ ਨੂੰ ਕਾਫੀ ਸਾਲ ਹੋ ਗਏ ਹਨ ਪਰ ਹਾਲੇ ਤੱਕ ਇਹ ਖੇਤਰ ਸਹੂਲਤਾਂ ਤੋਂ ਵਾਂਝਾ ਹੈ। ਇੱਥੇ ਮੰਗ ਮੁਤਾਬਕ ਬਿਜਲੀ ਦੀ ਪੂਰਤੀ ਕਰਨ ਵਾਲਾ ਟਰਾਂਸਫਾਰਮਰ ਛੋਟਾ ਹੈ। ਮੰਗ ਮੁਤਾਬਕ ਘੱਟ ਲੋਡ ਹੋਣ ਕਾਰਨ ਬਿਜਲੀ ਵਾਰ-ਵਾਰ ਗੁੱਲ ਹੁੰਦੀ ਰਹਿੰਦੀ ਹੈ। ਰੋਜ਼ਾਨਾ ਲੱਗਦੇ ਕੱਟਾਂ ਕਾਰਨ ਉਹ ਪ੍ਰੇਸ਼ਾਨੀ ਵਿੱਚ ਰਹਿ ਰਹੇ ਹਨ। ਗਰਮੀ ਵਿੱਚ ਉਹ ਬਿਜਲੀ ਨਾ ਹੋਣ ਕਰ ਕੇ ਦੁਪਹਿਰ ਵੇਲੇ ਧਰਮਸ਼ਾਲਾ ਵਿੱਚ ਦਰਖ਼ਤਾਂ ਹੇਠ ਸਮਾਂ ਲੰਘਾਉਣ ਲਈ ਮਜਬੂਰ ਹਨ। ਬਿਜਲੀ ਦੀ ਕਿੱਲਤ ਕਾਰਨ ਪਾਣੀ ਦੀ ਸਪਲਾਈ ਵੀ ਲੋੜ ਮੁਤਾਬਕ ਨਹੀਂ ਹੁੰਦੀ। ਉਹ ਆਪਣੇ ਖਰਚੇ ’ਤੇ ਪਾਣੀ ਦੇ ਟੈਂਕਰ ਮੰਗਵਾ ਕੇ ਡੰਗ ਸਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮੱਸਿਆ ਦੇ ਹੱਲ ਲਈ ਉਹ ਕਈ ਵਾਰ ਵਾਰਡ ਕੌਂਸਲਰ, ਪਾਵਰਕੌਮ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਪਿੰਡ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਮੁਬਾਰਕਪੁਰ-ਰਾਮਗੜ੍ਹ ਸੜਕ ’ਤੇ ਜਾਮ ਲਾ ਕੇ ਸੰਘਰਸ਼ ਕਰਨਗੇ। ਪਾਵਰਕੌਮ ਦੇ ਐੱਸਡੀਓ ਮੁਬਾਰਕਪੁਰ ਗੁਰਜਿੰਦਰ ਸਿੰਘ ਨੇ ਕਿਹਾ ਕਿ ਸਬੰਧਤ ਜੇ.ਈ. ਨੂੰ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ ਹੈ। ਜੇਕਰ ਵੱਡੇ ਟਰਾਂਸਫਾਰਮਰ ਲਾਉਣ ਦੀ ਲੋੜ ਹੋਈ ਤਾਂ ਛੇਤੀ ਲਗਾ ਦਿੱਤਾ ਜਾਵੇਗਾ।