ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੁਲਾਈ
ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਵਿੱਚ 37 ਅਸਿਸਟੈਂਟ ਪ੍ਰੋਫੈਸਰ ਰੱਖੇ ਜਾਣਗੇ। ਇਨ੍ਹਾਂ ਪ੍ਰੋਫੈਸਰਾਂ ਦੀ ਨਿਯੁਕਤੀ ਅਗਲੇ ਮਹੀਨੇ ਤਕ ਕਰ ਲਈ ਜਾਵੇਗੀ। ਇਹ ਭਰਤੀ ਨਵੇਂ ਨਿਯਮਾਂ ਤਹਿਤ ਕੀਤੀ ਜਾਵੇਗੀ। ਹੁਣ ਸਿਰਫ਼ ਪੀਐਚ.ਡੀ. ਵਾਲੇ ਪ੍ਰੋਫੈਸਰ ਹੀ ਨਿਯੁਕਤ ਕੀਤੇ ਜਾਣਗੇ ਕਿਉਂਕਿ ਪ੍ਰਸ਼ਾਸਨ ਨੇ ਪੈਕ ਦੇ ਭਰਤੀ ਐਕਟ ਵਿਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈੱਕ ਦੇ ਇਲੈਕਟਰੀਕਲ ਵਿਭਾਗ ਵਿਚ ਸੱਤ, ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਚ ਪੰਜ, ਸਿਵਲ ਵਿਚ ਪੰਜ ਤੇ ਹੋਰ ਵਿਭਾਗਾਂ ਵਿਚ ਅਸਥਾਈ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਪੈੱਕ ਵਿਚ ਇਸ ਵੇਲੇ 3400 ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਲਈ 100 ਦੇ ਕਰੀਬ ਲੈਕਚਰਾਰ ਹਨ। ਪੈੱਕ ਵਿਚ ਨਵੇਂ ਲੈਕਚਰਾਰਾਂ ਨੂੰ ਨਿਯੁਕਤ ਕਰਨ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਹੈ। ਪੈੱਕ ਦੇ ਇੱਕ ਲੈਕਚਰਾਰ ਨੇ ਦੱਸਿਆ ਕਿ ਪੈੱਕ ਦੇ ਹਰ ਵਿਭਾਗ ਵਿਚ ਲੈਕਚਰਾਰਾਂ ਦੀ ਭਾਰੀ ਘਾਟ ਹੈ ਤੇ ਪਿਛਲੇ ਕਈ ਸਾਲਾਂ ਤੋਂ ਗੈਸਟ ਫੈਕਲਟੀ ਲੈਕਚਰਾਰਾਂ ਦੀ ਨਿਯੁਕਤੀ ਕਰ ਕੇ ਕੰਮ ਸਾਰਿਆ ਜਾ ਰਿਹਾ ਸੀ ਪਰ ਕਰੋਨਾ ਮਹਾਮਾਰੀ ਕਾਰਨ ਅੱਗੇ ਨਾਲੋਂ ਸਿਰਫ਼ ਗਿਣਤੀ ਦੇ ਹੀ ਗੈਸਟ ਫੈਕਲਟੀ ਲੈਕਚਰਾਰ ਰੱਖੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਦੱਸਣਯੋਗ ਹੈ ਕਿ ਪੈੱਕ ਵਿਚ ਗੈਸਟ ਫੈਕਲਟੀ ਲਈ ਪੀਐਚਡੀ ਹੋਣਾ ਜ਼ਰੂਰੀ ਨਹੀਂ ਹੈ। ਪੈੱਕ ਦੇ ਐਕਟ ਦੇ ਇੱਕ ਭਾਗ ਵਿਚ ਇਹ ਵੀ ਲਿਖਿਆ ਹੋਇਆ ਹੈ ਕਿ ਕੁਝ ਲੈਕਚਰਾਰਾਂ ਲਈ ਖੋਜ ਦਾ ਹਿੱਸਾ ਮਹੱਤਵਪੂਰਨ ਨਹੀਂ ਹੈ ਤੇ ਇਸ ਵਰਗ ਲਈ ਬਿਨਾਂ ਪੀਐਚਡੀ ਲੈਕਚਰਾਰ ਨਿਯੁਕਤ ਕੀਤੇ ਜਾ ਸਕਦੇ ਹਨ ਜਿਸ ਵਿਚ ਹੁਣ ਸੋਧ ਕੀਤੀ ਗਈ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੈੱਕ ਵਿਚ ਇਸ ਵੇਲੇ 100 ਦੇ ਕਰੀਬ ਪ੍ਰੋਫੈਸਰਾਂ ਦੀ ਘਾਟ ਹੈ। ਜੇ ਪੈੱਕ ਨਿਰਧਾਰਿਤ ਲੈਕਚਰਾਰਾਂ ਤੋਂ ਘੱਟ ਲੈਕਚਰਾਰਾਂ ਦੀ ਨਿਯੁਕਤੀ ਕਰਦਾ ਹੈ ਤਾਂ ਉਸ ਦੀ ਰੈਂਕਿੰਗ ਵੀ ਪ੍ਰਭਾਵਿਤ ਹੁੰਦੀ ਹੈ। ਇਸ ਵਾਰ ਨਿਰਫ਼ ਵੱਲੋਂ ਜਾਰੀ ਕੀਤੀ ਰੈਂਕਿੰਗ ਵਿਚ ਪੈੱਕ ਨੇ 68ਵਾਂ ਸਥਾਨ ਹਾਸਲ ਕੀਤਾ ਹੈ।
ਅਦਾਰਾ ਇਸ ਵੇਲੇ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇੱਥੋਂ ਦੇ ਲੈਕਚਰਾਰਾਂ ਨੇ ਦੱਸਿਆ ਕਿ ਲੈਕਚਰਾਰਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਵਾਧੂ ਕੰਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹ ਰਿਸਰਚ ਦੇ ਕੰਮ ਲਈ ਸਮਾਂ ਨਹੀਂ ਕੱਢ ਰਹੇ। ਇਸ ਤੋਂ ਇਲਾਵਾ ਪੜ੍ਹਾਈ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ।
73,450 ਰੁਪਏ ’ਤੇ ਰੱਖੇ ਜਾਣਗੇ ਅਸਿਸਟੈਂਟ ਪ੍ਰੋਫੈਸਰ
ਪੈਕ ਦੇ ਪ੍ਰੋਫੈਸਰ ਨੇ ਦੱਸਿਆ ਕਿ ਅਸਿਸਟੈਂਟ ਪ੍ਰੋਫੈਸਰ ਲਈ ਐੱਮ ਟੈੱਕ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਐਲਿਜੀਬਿਲਟੀ ਟੈਸਟ ਨੈੱਟ ਜਾਂ ਗ੍ਰੈਜੂਏਟ ਐਪਟੀਚਿਊਟ ਟੈਸਟ ਤੇ ਪੀਐਚ.ਡੀ. ਹੋਣਾ ਵੀ ਜ਼ਰੂਰੀ ਹੈ। ਅਸਿਸਟੈਂਟ ਪ੍ਰੋਫੈਸਰਾਂ ਨੂੰ 73,450 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਸ ਸਬੰਧੀ ਡੀਨ ਫੈਕਲਟੀ ਅਫੇਅਰਜ਼ ਨੂੰ ਈਮੇਲ ਰਾਹੀਂ ਦਰਖ਼ਾਸਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਭਰਤੀ ਅਗਸਤ ਤਕ ਮੁਕੰਮਲ ਕਰ ਲਈ ਜਾਵੇਗੀ।
ਡਾਇਰੈਕਟਰ ਦੇ ਅਸਤੀਫ਼ੇ ਕਾਰਨ ਭਰਤੀ ਲਟਕੀ
ਪੈਕ ਨੇ ਇਸ ਸਾਲ ਜਨਵਰੀ ਵਿਚ 57 ਪ੍ਰੋਫੈਸਰ ਭਰਤੀ ਕਰਨੇ ਸਨ ਤੇ ਇਸ ਲਈ ਕਾਗਜ਼ੀ ਕਾਰਵਾਈ ਵੀ ਮੁਕੰਮਲ ਹੋ ਗਈ ਸੀ ਪਰ ਅਦਾਰੇ ਦੇ ਡਾਇਰੈਕਟਰ ਧੀਰਜ ਸਾਂਘੀ ਦੇ ਅਚਾਨਕ ਅਸਤੀਫ਼ਾ ਦੇਣ ਕਾਰਨ ਇਹ ਭਰਤੀ ਵਿਚਾਲੇ ਹੀ ਲਟਕ ਗਈ।