ਹਰਜੀਤ ਸਿੰਘ
ਜ਼ੀਰਕਪੁਰ, 23 ਫਰਵਰੀ
ਇੱਥੇ ਕੱਲ੍ਹ ਲੋਹਗੜ੍ਹ ਰੋਡ ਤੇ ਸਥਿਤ ਨਿੱਜੀ ਹਸਪਤਾਲ ਕੋਲ ਲਿਫਟ ਦੇਣ ਦੇ ਬਹਾਨੇ ਕਾਰ ਸਵਾਰ ਔਰਤਾਂ ਇੱਕ 64 ਸਾਲਾ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਖੋਹ ਕੇ ਫਰਾਰ ਹੋ ਗਈਆਂ।
ਪੀੜਤ ਔਰਤ ਸੁਰੇਸ਼ ਸ਼ਰਮਾ ਵਾਸੀ ਮਕਾਨ ਨੰਬਰ 16 ਏਂਜਲ ਅਪਾਰਟਮੈਂਟ ਬਾਦਲ ਕਾਲੋਨੀ ਨੇ ਦੱਸਿਆ ਕਿ ਉਹ ਲੰਘੇ ਕੱਲ੍ਹ ਲੋਹਗੜ੍ਹ ਰੋਡ ’ਤੇ ਸਥਿਤ ਮਕਾਨ ਨੰਬਰ 38 ਬੀ ਡਿਫੈਂਸ ਐਨਕਲੇਵ ਵਿੱਚ ਅੱਪਣੀ ਦਰਾਣੀ ਕਿਰਨ ਸ਼ਰਮਾ ਨੂੰ ਮਿਲਣ ਲਈ ਗਈ ਸੀ। ਜਦ ਉਹ ਮਿਲ ਕੇ ਉਸ ਨਾਲ ਪੈਦਲ ਆ ਰਹੀਆਂ ਸਨ ਤਾਂ ਲੋਹਗੜ੍ਹ ਰੋਡ ’ਤੇ ਗਰੀਨ ਐਨਕਲੇਵ ਨੇੜੇ ਪਹੁੰਚੇ ਤਾਂ ਸਿਗਮਾ ਸਿਟੀ ਵਾਲੇ ਪਾਸੇ ਤੋਂ ਸਵਿੱਫਟ ਕਾਰ ਉਨ੍ਹਾਂ ਕੋਲ ਆ ਕੇ ਰੁਕੀ ਜਿਸ ਨੂੰ ਇਕ ਮੋਨਾ ਵਿਅਕਤੀ ਚਲਾ ਰਿਹਾ ਸੀ। ਕਾਰ ਵਿੱਚ ਦੋ ਔਰਤਾਂ ਬੈਠੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਔਰਤ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੇ ਮੇਰੇ ਬੇਟੇ ਦੇ ਰਿਸ਼ਤੇ ਬਾਰੇ ਗੱਲ ਕਰਨੀ ਹੈ। ਉਸ ਨੇ ਕਿਹਾ ਕਿ ਹਾਲੇ ਆਪਣੇ ਲੜਕੇ ਦਾ ਰਿਸ਼ਤਾ ਨਹੀਂ ਕਰਨਾ ਹੈ। ਉਨ੍ਹਾਂ ਉਸ ਨਾਲ ਜਾਣ ਪਛਾਣ ਕੱਢਣ ਦਾ ਨਾਟਕ ਕਰ ਉਸ ਤੋਂ ਪੁੱਛ ਲਿਆ ਉਹ ਕਿਧਰ ਜਾ ਰਹੀ ਹੈ ਅਤੇ ਲਿਫ਼ਟ ਦੇਣ ਦੇ ਬਹਾਨੇ ਉਸ ਅਤੇ ਉਸਦੀ ਦਰਾਣੀ ਨੂੰ ਕਾਰ ਵਿੱਚ ਬਿਠਾ ਲਿਆ। ਕਾਰ ਵਿੱਚ ਬਿਠਾਉਂਦਿਆਂ ਹੀ ਕਾਰ ਵਿੱਚ ਬੈਠੀਆਂ ਔਰਤਾਂ ਨੇ ਡਰਾ ਧਮਕਾ ਕੇ ਜਬਰਦਸਤੀ ਬਾਂਹ ਵਿੱਚ ਪਈਆਂ ਸੋਨੇ ਦੀਆਂ ਚੂੜੀਆਂ ਜੋ 3 ਤੋਲੇ ਦੀਆਂ ਸੀ ਤੇ ਕੀਮਤ ਕਰੀਬ 1 ਲੱਖ 20 ਹਜ਼ਾਰ ਹੈ, ਉਤਾਰ ਲਈਆਂ ਅਤੇ ਉਨ੍ਹਾਂ ਨੂੰ ਪਟਿਆਲਾ ਰੋਡ ’ਤੇ ਕਾਰ ਵਿੱਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਅਤੇ ਫਰਾਰ ਹੋ ਗਈਆਂ। ਏਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਔਰਤਾਂ ਅਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।