ਹਰਜੀਤ ਸਿੰਘ
ਜ਼ੀਰਕਪੁਰ, 16 ਸਤੰਬਰ
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਪੈਂਦੀ ਵੈਸ਼ਾਲੀ ਐਨਕਲੇਵ-2 ਦੀ ਹਾਲਤ ਲੰਘੇ ਲੰਮੇ ਸਮੇਂ ਤੋਂ ਖਸਤਾ ਬਣੀ ਹੋਈ ਹੈ। ਮੀਂਹ ਨੇ ਕਲੋਨੀ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਇੱਥੋਂ ਦੀ ਗਲੀਆਂ ਚਿੱਕੜ ਨਾਲ ਭਰ ਗਈਆਂ ਹਨ ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ।
ਇਸ ਸਬੰਧੀ ਕਲੋਨੀ ਦੇ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਤਕਰੀਬਨ ਡੇਢ ਮਹੀਨਾਂ ਪਹਿਲਾਂ ਇੱਥੇ ਸੀਵਰੇਜ ਲਾਈਨ ਵਿਛਾਉਣ ਲਈ ਖੁਦਾਈ ਕੀਤੀ ਗਈ ਸੀ। ਸੀਵਰੇਜ ਲਾਈਨ ਤਾਂ ਵਿਛਾਏ ਨੂੰ ਲੰਮਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਥਾਂ ਥਾਂ ਕੀਤੀ ਖੁਦਾਈ ਨੂੰ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਘੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਗਲੀਆਂ ਵਿੱਚ ਚਿੱਕੜ ਜਮ੍ਹਾਂ ਹੋ ਗਿਆ ਹੈ। ਉਹ ਨਾ ਤਾਂ ਆਪਣੇ ਘਰ ਤੋਂ ਨਿਕਲ ਸਕਦੇ ਹਨ ਅਤੇ ਨਾ ਹੀ ਦਾਖ਼ਲ ਹੋ ਸਕਦੇ ਹਨ। ਕਲੋਨੀ ਵਾਸੀਆਂ ਨੇ ਕਿਹਾ ਕਿ ਉਹ ਇਸ ਬਾਰੇ ਪਹਿਲਾਂ ਵੀ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਹਰੇਕ ਵਾਰ ਛੇਤੀ ਕੰਮ ਨਬੇੜਨ ਦਾ ਭਰੋਸਾ ਦੇ ਕੇ ਡੰਗ ਟਪਾ ਰਹੇ ਹਨ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਛੇਤੀ ਕਲੋਨੀ ਵਿੱਚ ਕੰਮ ਪੂਰਾ ਨਾ ਹੋਇਆ ਤਾਂ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਠੇਕੇਦਾਰ ਨੂੰ ਹਦਾਇਤ ਕਰ ਕੇ ਛੇਤੀ ਕੰਮ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੰਮ ਪੂਰਾ ਹੋਣ ਦੇ ਬਾਵਜੂਦ ਟਾਈਲਾਂ ਲਾਉਣ ਵਿੱਚ ਦੇਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।