ਹਰਜੀਤ ਸਿੰਘ
ਡੇਰਾਬੱਸੀ, 16 ਅਪਰੈਲ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲੰਘੀ ਦੇਰ ਰਾਤ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਗੁਲਸ਼ਨ ਕੁਮਾਰ ਨੂੰ ਚੌਕੀ ਵਿੱਚ ਹੀ ਸ਼ਰਾਬ ਪੀਂਦੇ ਕਾਬੂ ਕਰ ਲਿਆ। ਏਐੱਸਆਈ ਗੁਲਸ਼ਨ ਕੁਮਾਰ ਚੌਕੀ ਵਿੱਚ ਹੀ ਆਪਣੇ ਇਕ ਦੋਸਤ ਤੇ ਮੁਲਾਜ਼ਮ ਨਾਲ ਸ਼ਰਾਬ ਪੀ ਰਿਹਾ ਸੀ। ਇਸੇ ਦੌਰਾਨ ਹਲਕਾ ਵਿਧਾਇਕ ਮੌਕੇ ’ਤੇ ਪਹੁੰਚ ਗਏ।
ਸ੍ਰੀ ਰੰਧਾਵਾ ਨੂੰ ਸੂਚਨਾ ਮਿਲੀ ਸੀ ਕਿ ਚੌਕੀ ਇੰਚਾਰਜ ਪੁਲੀਸ ਚੌਕੀ ਵਿੱਚ ਹੀ ਬੈਠ ਕੇ ਸ਼ਰਾਬ ਪੀ ਰਿਹਾ ਹੈ। ਉਨ੍ਹਾਂ ਵੱਲੋਂ ਰਾਤ ਕਰੀਬ 11 ਵਜੇ ਚੌਕੀ ਵਿੱਚ ਛਾਪਾ ਮਾਰਿਆ ਗਿਆ। ਉੱਥੇ ਇਕ ਕਮਰੇ ਵਿੱਚ ਗੁਲਸ਼ਨ ਕੁਮਾਰ ਅਤੇ ਉਸ ਦਾ ਇਕ ਦੋਸਤ ਸ਼ਰਾਬ ਪੀ ਰਹੇ ਸਨ ਜਦਕਿ ਮੌਕੇ ’ਤੇ ਤਿੰਨ ਗਲਾਸ ਪਏ ਸਨ। ਸ੍ਰੀ ਰੰਧਾਵਾ ਨੇ ਮੌਕੇ ’ਤੇ ਪਹੁੰਚ ਕੇ ਚੌਕੀ ਇੰਚਾਰਜ ਨੂੰ ਫਟਕਾਰ ਲਾਉਣ ਮਗਰੋਂ ਮਾਮਲੇ ਦੀ ਜਾਣਕਾਰੀ ਡੀਐੱਸਪੀ ਗੁਰਬਖ਼ਸ਼ੀਸ਼ ਸਿੰਘ ਨੂੰ ਦਿੱਤੀ। ਡੀਐੱਸਪੀ ਨੇ ਮੌਕੇ ’ਤੇ ਪਹੁੰਚ ਕੇ ਡੇਰਾਬੱਸੀ ਥਾਣੇ ਤੋਂ ਪੁਲੀਸ ਪਾਰਟੀ ਸੱਦ ਕੇ ਗੁਲਸ਼ਨ ਕੁਮਾਰ ਦਾ ਡੇਰਾਬੱਸੀ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ। ਮੈਡੀਕਲ ਹੋਣ ਤੱਕ ਹਲਕਾ ਵਿਧਾਇਕ ਸਿਵਲ ਹਸਪਤਾਲ ਵਿੱਚ ਹੀ ਡਟੇ ਰਹੇ। ਉਹ ਚੌਕੀ ਇੰਚਾਰਜ ਵੱਲੋਂ ਦਿੱਤੇ ਗਏ ਸੈਂਪਲ ਵੀ ਆਪਣੇ ਨਾਲ ਹੀ ਲੈ ਗਏ।
ਸ੍ਰੀ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਿਊਟੀ ਦੌਰਾਨ ਸ਼ਰਾਬ ਪੀਣਾ ਇਕ ਅਪਰਾਧ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਉਕਤ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।
ਡੀਐੱਸਪੀ ਗੁਰਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਗੁਲਸ਼ਨ ਕੁਮਾਰ ਨੂੰ ਮੁਅੱਤਲ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਚੌਕੀ ਇੰਚਾਰਜ ਵੱਲੋਂ ਸ਼ਰਾਬ ਪੀਤੇ ਹੋਣ ਤੋਂ ਇਨਕਾਰ
ਉੱਧਰ, ਵਿਧਾਇਕ ਵੱਲੋਂ ਫੜੇ ਗਏ ਮੁਬਾਰਕਪੁਰ ਚੌਕੀ ਦੇ ਇੰਚਾਰਜ ਗੁਲਸ਼ਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਰ ਰਾਤ ਉਸ ਨੂੰ ਮਿਲਣ ਲਈ ਉਸ ਦਾ ਇਕ ਦੋਸਤ ਚੌਕੀ ਵਿੱਚ ਆ ਗਿਆ। ਉਹ ਆਪਣੇ ਨਾਲ ਲੈ ਕੇ ਆਈ ਬੋਤਲ ’ਚੋਂ ਸ਼ਰਾਬ ਪੀਣ ਲੱਗ ਪਿਆ ਜਦਕਿ ਉਸ ਨੇ ਕੋਈ ਸ਼ਰਾਬ ਨਹੀਂ ਪੀਤੀ।