ਪੱਤਰ ਪ੍ਰੇਰਕ
ਕੁਰਾਲੀ, 2 ਅਕਤੂਬਰ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕਰਦਿਆਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਅਨਾਜ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਉਣ ਦੇਣ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਗਗਨ ਮਾਨ ਨੇ ਅਨਾਜ ਮੰਡੀ ਵਿੱਚ ਪੁੱਜੀ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਕੀਤੇ ਪ੍ਰਬੰਧ ਦੇਖੇ। ਇਸ ਮੌਕੇ ਉਨ੍ਹਾਂ ਫ਼ਸਲ ਲੈ ਕੇ ਮੰਡੀ ਵਿੱਚ ਆਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਬੀਬਾ ਮਾਨ ਨੇ ਝੋਨੇ ਦੀ ਰਸਮੀਂ ਖ਼ਰੀਦ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਬੀਬਾ ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਢੁਕਵੇਂ ਪ੍ਰਬੰਧਾਂ ਕਾਰਨ ਹੀ ਕਿਸਾਨ ਨੂੰ ਹੁਣ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਮੰਡੀਆਂ ਵਿੱਚ ਰੁਲ਼ਣਾ ਨਹੀਂ ਪਏਗਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿੱਚ ਇੱਕ ਦਹਾਕੇ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨੀ ਝੱਲਣੀ ਪੈਂਦੀ ਰਹੀ ਹੈ ਜਦਕਿ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਮੀ ਰਹਿਤ ਫ਼ਸਲ ਹੀ ਮੰਡੀ ਵਿੱਚ ਲੈ ਕੇ ਆਉਣ। ਇਸੇ ਦੌਰਾਨ ਆੜ੍ਹਤੀ ਬਿੱਟੂ ਖੁੱਲਰ ਤੇ ਹੋਰਨਾਂ ਨੇ ਅਨਾਜ ਮੰਡੀ ਨੂੰ ਜੋੜਨ ਵਾਲੀ ਪਪਰਾਲੀ ਰੋਡ ਦੀ ਖਸਤਾ ਹਾਲਤ ਸਬੰਧੀ ਕੈਬਨਿਟ ਮੰਤਰੀ ਬੀਬਾ ਮਾਨ ਨੂੰ ਜਾਣੂ ਕਰਵਾਇਆ। ਬੀਬਾ ਮਾਨ ਨੇ ਸੜਕ ਦੀ ਹਾਲਤ ਛੇਤੀ ਸੁਧਾਰਨ ਦਾ ਭਰੋਸਾ ਦਿੱਤਾ।