ਕੁਲਦੀਪ ਸਿੰਘ
ਚੰਡੀਗੜ੍ਹ, 8 ਅਗਸਤ
ਯੂਟੀ ਦੇ ਪਿੰਡ ਖੁੱਡਾ ਅਲੀਸ਼ੇਰ ਵਿਚ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਜੋ ਕਿ ਭਾਜਪਾ ਪਾਰਟੀ ਨਾਲ ਸਬੰਧਤ ਹਨ, ਦੇ ਪ੍ਰੋਗਰਾਮ ਬਾਰੇ ਭਿਣਕ ਪੈਂਦਿਆਂ ਹੀ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਤੋਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਹਿਤੈਸ਼ੀ ਲੋਕ ਖੁੱਡਾ ਅਲੀਸ਼ੇਰ ਵਿਚ ਇਕੱਠੇ ਹੋ ਗਏ।
ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਬੈਨਰ ਹੇਠ ਇਕੱਠੇ ਹੋਏ ਲੋਕਾਂ ਦੀ ਅਗਵਾਈ ਕਰਦਿਆਂ ਕਮੇਟੀ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਵਿੱਚ ਮੇਅਰ ਵੱਲੋਂ ਵਿਕਾਸ ਕਾਰਜਾਂ ਸਬੰਧੀ ਸ਼ੋਹਰਤ ਹਾਸਲ ਕਰਨ ਦੇ ਮੱਦੇਨਜ਼ਰ ਪ੍ਰੋਗਰਾਮ ਕੀਤਾ ਜਾਣਾ ਸੀ ਜੋ ਕਿ ਲੋਕ ਰੋਹ ਕਾਰਨ ਰੱਦ ਕਰਨਾ ਪਿਆ। ਇਸ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਤੋਂ ਮੈਂਬਰ ਪਹੁੰਚੇ ਸਨ। ਨੌਜਵਾਨ ਕਿਸਾਨ ਏਕਤਾ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਸੰਘਰਸ਼ ਕਮੇਟੀ ਤੋਂ ਬਾਬਾ ਸਾਧੂ ਸਿੰਘ ਸਾਰੰਗਪੁਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਜਸਵਿੰਦਰ ਕੌਰ ਬਹਿਲਾਣਾ ਤੇ ਨੌਜਵਾਨ ਕਿਸਾਨ ਏਕਤਾ ਤੋਂ ਕ੍ਰਿਪਾਲ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਆਗੂਆਂ ਖ਼ਿਲਾਫ਼ ਸ਼ੁਰੂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਆਗੂਆਂ ਨੇ ਨਗਰ ਨਿਗਮ ਦੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਪਿੰਡਾਂ ਦੀ ਕੋਈ ਸਾਰ ਨਹੀਂ ਲਈ। ਹੁਣ ਨਿਗਮ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਇਨ੍ਹਾਂ ਭਾਜਪਾ ਆਗੂਆਂ ਨੂੰ ਪਿੰਡਾਂ ਦੇ ਲੋਕਾਂ ਦੀ ਯਾਦ ਆਉਣੀ ਸ਼ੁਰੂ ਹੋ ਗਈ ਹੈ ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦੇਸ਼ਿਵਆਪੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਿੱਤਰਦਿਆਂ ਕਿਸਾਨ ਮੁੱਦੇ ਉੱਤੇ ਵੀ ਭਾਜਪਾ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਤੱਕ ਚੰਡੀਗੜ੍ਹ ਦੇ ਪਿੰਡਾਂ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਰਵਿੰਦਰ ਸਿੰਘ ਸਿਪਰੇ ਆਦਿ ਵੀ ਹਾਜ਼ਰ ਸਨ।
‘ਅਧਿਕਾਰੀਆਂ ਵੱਲੋਂ ਕੀਤੇ ਜਾਣ ਵਾਲੇ ਉਦਘਾਟਨਾਂ ਦਾ ਨਹੀਂ ਕੀਤਾ ਜਾਵੇਗਾ ਵਿਰੋਧ’
ਉਕਤ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਲੋਕ ਸਵਾਗਤ ਕਰਦੇ ਹਨ ਪਰ ਜੇਕਰ ਕਿਸੇ ਵੀ ਭਾਜਪਾ ਆਗੂ ਵੱਲੋਂ ਇਨ੍ਹਾਂ ਕੰਮਾਂ ਦੇ ਉਦਘਾਟਨ ਕੀਤੇ ਜਾਣਗੇ ਤਾਂ ਪਿੰਡਾਂ ਦੇ ਲੋਕਾਂ ਵੱਲੋਂ ਇਨ੍ਹਾਂ ਸਮਾਗਮਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਇਹ ਉਦਘਾਟਨ ਨਿਗਮ ਦੇ ਕਮਿਸ਼ਨਰ ਜਾਂ ਹੋਰ ਕੋਈ ਸਰਕਾਰੀ ਅਧਿਕਾਰੀ ਕਰਦਾ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਜਾਵੇਗਾ।