ਮੁਕੇਸ਼ ਕੁਮਾਰ
ਚੰਡੀਗੜ੍ਹ, 15 ਮਈ
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੇਅਰ ਸਰਬਜੀਤ ਕੌਰ ਨੂੰ ਪੈਰੀਫੇਰੀ ਸਲਾਹਕਾਰ ਕਮੇਟੀ ਦੀ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਜ਼ਿੰਮੇਵਾਰੀ ਮਿਲਦੇ ਹੀ ਮੇਅਰ ਨੇ ਨਗਰ ਨਿਗਮ ਵਿੱਚ ਸ਼ਾਮਲ 13 ਪਿੰਡਾਂ ਦੇ ਸਾਬਕਾ ਸਰਪੰਚਾਂ ਨੂੰ ਪੱਤਰ ਲਿਖ ਕੇ ਮੀਟਿੰਗ ਸੱਦ ਲਈ ਹੈ ਅਤੇ ਉਨ੍ਹਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖਰੜਾ ਪੇਸ਼ ਕਰਨ ਦੇ ਨਾਲ-ਨਾਲ ਪਿੰਡ ਦੇ ਲਾਲ ਡੋਰੇ ਤੋਂ ਬਾਹਰ ਹੋਈਆਂ ਉਸਾਰੀਆਂ ਲਈ ਸੁਝਾਅ ਦੇਣ ਲਈ ਕਿਹਾ ਹੈ। ਇਸ ਮੀਟਿੰਗ ਵਿੱਚ ਆਏ ਸੁਝਾਵਾਂ ਨੂੰ ਮੇਅਰ ਸਰਬਜੀਤ ਕੌਰ ਵੱਲੋਂ ਪ੍ਰਸ਼ਾਸਕ ਅਤੇ ਉਨ੍ਹਾਂ ਦੇ ਸਲਾਹਕਾਰ ਧਰਮਪਾਲ ਨਾਲ ਹੋਣ ਵਾਲੀ ਬੈਠਕ ਵਿੱਚ ਸਾਂਝਾ ਕੀਤਾ ਜਾਵੇਗਾ ਅਤੇ ਇਸ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਕ ਵੱਲੋਂ ਕੁਝ ਕਮੇਟੀਆਂ ਦਾ ਗਠਨ ਕੀਤਾ ਜਾਣਾ ਸੀ ਅਤੇ ਸੂਤਰਾਂ ਅਨੁਸਾਰ ਮੇਅਰ ਸਰਬਜੀਤ ਕੌਰ ਨੇ ਪੈਰੀਫੇਰੀ ਸਲਾਹਕਾਰ ਕਮੇਟੀ ਦੀ ਚੇਅਰਮੈਨ ਬਣਨ ਦੀ ਇੱਛਾ ਜਤਾਈ ਸੀ। ਉਨ੍ਹਾਂ ਦੀ ਦਲੀਲ ਸੀ ਕਿ ਨਗਰ ਨਿਗਮ ਦੇ ਅਧਿਕਾਰ ਖੇਤਰ ਵਾਲੇ ਪਿੰਡਾਂ ਵਿੱਚ ਸਭ ਤੋਂ ਜ਼ਿਆਦਾ ਸਮੱਸਿਆ ਪੈਰੀਫੇਰੀ ਨੂੰ ਲੈ ਕੇ ਹੈ। ਪਿੰਡ ਦੇ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈਕੇ ਨਗਰ ਨਿਗਮ ਵੱਲ ਰੁਖ਼ ਕਰਦੇ ਹਨ ਪਰ ਲਾਲ ਡੋਰੇ ਦੇ ਅੰਦਰ ਅਤੇ ਬਾਹਰ ਦੇ ਖੇਤਰਾਂ ਨੂੰ ਲੈ ਕੇ ਪੈਦਾ ਹੋਣ ਵਾਲੇ ਭੰਬਲਭੂਸੇ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੁੰਦੇ।
ਮੇਅਰ ਨੇ ਲੰਘੇ ਦਿਨਾਂ ਵਿੱਚ ਨਗਰ ਨਿਗਮ ਹਵਾਲੇ ਕੀਤੇ ਗਏ 13 ਪਿੰਡਾਂ ਦੇ ਸਾਬਕਾ ਸਰਪੰਚਾਂ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਪਿੰਡ ਬਾਰੇ ਬਿਹਤਰ ਜਾਣਕਾਰੀ ਸਾਬਕਾ ਸਰਪੰਚ ਹੀ ਦੇ ਸਕਦੇ ਹਨ। ਮੇਅਰ ਨੇ ਕਿਹਾ ਕਿ ਅਗਲੀ ਬੈਠਕ ਵਿੱਚ ਸਾਬਕਾ ਸਰਪੰਚ ਲਾਲ ਡੋਰੇ ਦੇ ਨਾਲ ਨਾਲ ਪਿੰਡ ਦੇ ਅੰਦਰ ਆਉਣ ਵਾਲੇ ਖੇਤਰਾਂ ਦਾ ਵੀ ਹਾਲ ਦੱਸਣਗੇ। ਇਸ ਤੋਂ ਬਾਅਦ ਉਹ ਪਿੰਡਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਬਾਰੇ ਸੁਝਾਅ ਦੇਣਗੇ। ਇਸ ਆਧਾਰ ’ਤੇ ਰਿਪੋਰਟ ਬਣਾਕੇ ਪ੍ਰਸ਼ਾਸਕ ਨੂੰ ਪੇਸ਼ ਕੀਤੀ ਜਾਵੇਗੀ। ਮੇਅਰ ਨੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਆਨਿੰਦਿਤਾ ਮਿਤਰਾ ਨਾਲ ਵੀ ਚਰਚਾ ਕੀਤੀ ਸੀ।