ਪੱਤਰ ਪ੍ਰੇਰਕ
ਲਾਲੜੂ, 30 ਅਪਰੈਲ
ਪਿੰਡ ਮਾਲਣ ਵਿੱਚ ਕਣਕ ਦੇ ਨਾੜ ਤੇ ਗਹੂਰਿਆਂ ਨੂੰ ਲੱਗੀ ਅੱਗ ਦੀ ਘਟਨਾ ਮਗਰੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮੌਕੇ ’ਤੇ ਪੁੱਜੇ। ਫਾਈਰ ਬ੍ਰਿਗੇਡ ਨੂੰ ਵੀ ਅੱਗ ਬਝਾਉਣ ਲਈ ਬੁਲਾਇਆ ਗਿਆ, ਪਰ ਗੱਡੀਆਂ ’ਚ ਪਾਣੀ ਨਾ ਹੋਣ ਕਾਰਨ ਬਿਜਲੀ ਸਪਲਾਈ ਬਹਾਲ ਕਰਨ ਲਈ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ। ਮੌਕੇ ’ਤੇ ਪੁੱਜੇ ਪਾਵਰਕੌਮ ਉਪ ਮੰਡਲ ਹੰਡੇਸਰਾ ਦੇ ਜੇਈ ਨੂੰ ਸ਼ਰਾਬੀ ਹਾਲਤ ’ਚ ਵੇਖ ਕੇ ਵਿਧਾਇਕ ਨੂੰ ਗੁੱਸਾ ਚੜ੍ਹ ਗਿਆ ਤੇ ਉਨ੍ਹਾਂ ਤੁਰੰਤ ਜੇ.ਈ. ਨੂੰ ਪੁਲੀਸ ਹਵਾਲੇ ਕਰਕੇ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਡੇਰਾਬਸੀ ਭੇਜ ਦਿੱਤਾ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਲਣ ’ਚ ਕਣਕ ਦੇ ਨਾੜ ਤੇ ਗਹੂਰਿਆਂ ਨੂੰ ਅੱਗ ਲੱਗ ਗਈ ਹੈ, ਜਿਸ ’ਤੇ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਮੌਕੇ ’ਤੇ ਪੁੱਜਣ ਲਈ ਕਿਹਾ ਤੇ ਖੁਦ ਵੀ ਮੌਕੇ ’ਤੇ ਪੁੱਜੇ। ਬਿਜਲੀ ਦਾ ਕੱਟ ਲੱਗਣ ਕਾਰਨ ਟਿਊਬਵੈੱਲ ਬੰਦ ਸਨ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਪਾਣੀ ਦੀ ਲੋੜ ਸੀ। ਉਨ੍ਹਾਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਕਹਿ ਕੇ ਬਿਜਲੀ ਸਪਲਾਈ ਬਹਾਲ ਕਰਵਾਈ ਤੇ ਫਾਇਰ ਬ੍ਰਿਗੇਡ ਦੀ ਗੱਡੀ ’ਚ ਪਾਣੀ ਭਰਿਆ। ਪਾਵਰਕੌਮ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਮੁਤਾਬਿਕ ਉਪ ਮੰਡਲ ਹੰਡੇਸਰਾ ਦਾ ਜੇ.ਈ. ਕ੍ਰਿਸ਼ਨ ਕੁਮਾਰ ਦੇਰੀ ਨਾਲ ਨਸ਼ੇ ਦੀ ਹਾਲਤ ’ਚ ਮੌਕੇ ’ਤੇ ਪੁੱਜਾ ਤੇ ਉਸ ਨੇ ਵਿਧਾਇਕ ਨਾਲ ਸ਼ਰਾਬੀ ਹਾਲਤ ’ਚ ਕਥਿਤ ਬਦਸਲੂਕੀ ਕੀਤੀ, ਜਿਸ ’ਤੇ ਵਿਧਾਇਕ ਨੇ ਜੇਈ ਨੂੰ ਪੁਲੀਸ ਦੇ ਹਵਾਲੇ ਕਰਕੇ ਮੈਡੀਕਲ ਜਾਂਚ ਕਰਾਉਣ ਦੇ ਹੁਕਮ ਦਿੱਤੇ ਤੇ ਸਿਵਲ ਹਸਪਤਾਲ, ਡੇਰਾਬਸੀ ਲਿਜਾ ਕੇ ਉਸਦਾ ਮੈਡੀਕਲ ਕਰਵਾਇਆ। ਮੈਡੀਕਲ ਰਿਪੋਰਟ ਮਤਾਬਕ ਬਣਦੀ ਕਾਨੂੰਨੀ ਕਾਰਵਾਈ ਕਰਨ ਬਾਰੇ ਕਿਹਾ। ਬਿਜਲੀ ਮੁਲਾਜ਼ਮਾਂ ਨੇ ਜੇ.ਈ. ਕ੍ਰਿਸ਼ਨ ਕੁਮਾਰ ਦੇ ਹੱਕ ’ਚ ਰੋਸ ਰੈਲੀ ਕੀਤੀ ਤੇ ਕਿਹਾ ਕਿ ਜੇ.ਈ. ਨਿੱਜੀ ਪ੍ਰੋਗਰਾਮ ਲਈ ਛੁੱਟੀ ’ਤੇ ਸੀ ਤੇ ਅਧਿਕਾਰੀਆਂ ਦੇ ਕਹਿਣ ਨਾਲ ਮੌਕੇ ’ਤੇ ਪੁੱਜਾ, ਜਿਸ ਨੂੰ ਵਿਧਾਇਕ ਨੇ ਜ਼ਬਰੀ ਗੱਡੀ ’ਚ ਬਿਠਾ ਕੇ ਮੈਡੀਕਲ ਕਰਾਉਣ ਲਈ ਹਸਪਤਾਲ ਭੇਜ ਦਿੱਤਾ, ਜੋ ਸਰਾਸਰ ਧੱਕੇਸਾਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜੇ.ਈ. ਵਿਰੁੱਧ ਕਾਰਵਾਈ ਕੀਤੀ ਤਾਂ ਬਿਜਲੀ ਕਾਮੇ 2 ਮਈ ਨੁੂੰ ਕੰਮ ਬੰਦ ਕਰਕੇ ਸੰਘਰਸ਼ ਕਰਨਗੇ।